ਅੰਮਿ੍ਤਸਰ, 11 ਮਾਰਚ (ਰੇਸ਼ਮ ਸਿੰਘ)-ਹਲਕਾ ਦੱਖਣੀ 'ਚ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਾਂਗਰਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਗੁਰੂ ਨਗਰੀ ਦੇ ਇਸ ਅਹਿਮ ਹਲਕੇ 'ਚ ਰੁੱਕੇ ਹੋਏ ਵਿਕਾਸ ਕਾਰਜ ਮੁੜ ਤੋਂ ਚਾਲੂ ਕਰਵਾਏ ਜਾ ਸਕਣ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਸਕੇ | ਇਹ ਪ੍ਰਗਟਾਵਾ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੰਮਿ੍ਤਸਰ ਤੋਂ ਗਏ ਉੱਚ ਪੱਧਰੀ ਵਫਦ ਜਿਸ 'ਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਹਲਕਾ ਇੰਚਾਰਜ ਜਗਦੀਪ ਸਿੰਘ ਰਿੰਕੂ ਨਰੂਲਾ ਤੇ ਹੋਰ ਆਗੂ ਹਾਜ਼ਰ ਸਨ | ਇਹ ਜਾਣਕਾਰੀ ਦਿੰਦਿਆਂ ਸ: ਰਿੰਕੂ ਨਰੂਲਾ ਨੇ ਦੱਸਿਆ ਕਿ ਉਨ੍ਹਾਂ ਨੇ ਹਲਕੇ ਸੰਬੰਧੀ ਵਿਸਥਾਰਿਤ ਰਿਪੋਰਟ ਸੂਬਾ ਹਾਈਕਮਾਨ ਨੂੰ ਦਿੱਤੀ ਹੈ ਜਿਸ 'ਚ ਮੁੱਖ ਤੌਰ 'ਤੇ ਕੂੜੇ ਦਾ ਡੰਪ, ਸੁਲਤਾਨਵਿੰਡ ਪਿੰਡ ਦੀਆਂ ਸਮਸਿਆਵਾਂ, ਬੰਦ ਪਏ ਸੀਵਰੇਜ ਤੇ ਗਲੀਆਂ ਨਾਲੀਆਂ ਦਾ ਮੁੱਦਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਹਲਕਾ ਵਪਾਰ ਦਾ ਪ੍ਰਮੁੱਖ ਸਥਾਨ ਹੈ ਜਿੱਥੇ ਸੋਨੇ ਦੇ ਕਾਰੋਬਾਰੀਆਂ ਨਾਲ ਸੰਬੰਧਿਤ ਮਾਮਲੇ, ਫਿਰੌਤੀ ਦੀਆਂ ਕਾਲਾਂ ਤੇ ਲੁੱਟਾਂ ਖੋਹਾਂ ਕਾਰਨ ਸ਼ਹਿਰ 'ਚ ਅਮਨ ਕਾਨੂੰਨ ਦੀ ਵਿਗੜੀ ਹਾਲਾਤ ਦਾ ਮੁੱਦਾ ਵੀ ਸ਼ਾਮਿਲ ਹੈ | ਇਸੇ ਤਰ੍ਹਾਂ ਸਥਾਨਕ ਕਾਂਗਰਸੀ ਆਗੂਆਂ ਦੀਆਂ ਮੁਸ਼ਕਿਲਾ ਸੁਨਣ ਲਈ ਵੀ ਰਾਜਾ ਵੜਿੰਗ ਵਲੋਂ ਖੁਦ ਹਲਕੇ ਦਾ ਜਲਦ ਦੌਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ |