ਅੰਮਿ੍ਤਸਰ, 3 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰ ਭਲਾਈ ਬੋਰਡ ਦੇ ਮੈਂਬਰ ਅਤੇ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਨੇ ਭਾਰਤੀ ਵਪਾਰ ਮੰਡਲ (ਇੰਡੀਅਨ ਚੈਂਬਰ ਆਫ਼ ਕਾਮਰਸ) ਵਲੋਂ ਵਪਾਰੀਆਂ ਨਾਲ ਮੁਲਾਕਾਤ ਲਈ ਇਕ ਮੀਟਿੰਗ 'ਚ ਸ਼ਿਰਕਤ ਕੀਤੀ | ਜ਼ਿਲ੍ਹਾ ਵਪਾਰ ਬੋਰਡ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ | ਇਸ ਮੀਟਿੰਗ 'ਚ ਰਾਜੀਵ ਅਨੇਜਾ ਨੇ ਵਪਾਰੀਆਂ ਨਾਲ ਆਹਮੋ-ਸਾਹਮਣੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਲਗਭਗ ਦੋ ਘੰਟੇ ਚੱਲੀ ਮੀਟਿੰਗ ਦੌਰਾਨ ਜ਼ਿਲ੍ਹਾ ਵਪਾਰੀਆਂ ਨੇ ਰਾਜੀਵ ਅਨੇਜਾ ਨੂੰ ਉਨ੍ਹਾਂ ਦੇ ਕਾਰੋਬਾਰ 'ਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੰੂ ਕਰਵਾਇਆ | ਰਾਜੀਵ ਅਨੇਜਾ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਭਾਰਤੀ ਵਪਾਰ ਮੰਡਲ ਪੰਜਾਬ ਦੇ ਵਪਾਰੀਆਂ ਦੇ ਹਰ ਵਰਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਹਿੱਤਾਂ 'ਚ ਬੋਲਦਾ ਰਿਹਾ ਹੈ ਅਤੇ ਹਮੇਸ਼ਾ ਰਹੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਪਾਰਕ ਭਾਈਚਾਰਾ ਮੰਡਲ ਨਾਲ ਜੁੜ ਕੇ ਖੁਸ਼ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਵਪਾਰ ਮੰਡਲ ਇਕਲੌਤਾ ਵਪਾਰਕ ਸੰਗਠਨ ਹੈ ਜੋ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਚੱਲਦਾ ਹੈ | ਪੰਜਾਬ ਦੀ ਮੌਜੂਦਾ ਸਥਿਤੀ 'ਤੇ ਚਰਚਾ ਕਰਦਿਆਂ ਰਾਜੀਵ ਅਨੇਜਾ ਨੇ ਕਿਹਾ ਕਿ ਪੰਜਾਬ 'ਚ ਵਪਾਰ-ਅਨੁਕੂਲ ਵਾਤਾਵਰਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਹੈ |