ਰਾਜਾਸਾਂਸੀ, 6 ਅਪ੍ਰੈਲ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਲਈ ਮਹਿੰਗੇ ਮੁੱਲ ਦੀਆਂ ਟਿਕਟਾਂ ਲੈ ਕੇ ਦੇਸ਼ ਵਿਦੇਸ਼ਾਂ ਨੂੰ ਆਉਣ ਜਾਣ ਵਾਲੇ ਯਾਤਰੀਆਂ, ਸੈਲਾਨੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ ਹਵਾਈ ਅੱਡਾ ਮਾਰਗ 'ਤੇ ਲਗਦੇ ਨਿੱਤ ਧਰਨੇ ਤੇ ਜਾਮ | ਹਵਾਈ ਅੱਡੇ 'ਤੇ ਲਗਦੇ ਧਰਨਿਆਂ ਤਹਿਤ ਅੱਜ ਮੁੜ ਹਵਾਈ ਅੱਡਾ ਮਾਰਗ 'ਤੇ ਥਾਣਾ ਲੋਪੋਕੇ ਦੇ ਇੱਕ ਮਾਮਲੇ 'ਚ ਲੰਮੇ ਸਮੇਂ ਤੋਂ ਇਨਸਾਫ਼ ਨਾ ਮਿਲਣ ਕਰਕੇ ਅਤੇ ਪੁਲਿਸ ਥਾਣਾ ਲੋਪੋਕੇ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਾਲਮੀਕ ਸਮਾਜ ਦੀ ਇਕ ਜਥੇਬੰਦੀ ਵਲੋਂ ਆਪਣੇ ਸਮਰਥਕਾਂ ਸਾਥੀਆਂ ਨਾਲ ਉਕਤ ਮਾਮਲੇ ਵਿਚ ਪੁਲਿਸ 'ਤੇ ਦਬਾਅ ਪਾਉਣ ਲਈ ਹਵਾਈ ਅੱਡਾ ਰੋਡ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਇਸ ਤੋਂ ਪਹਿਲਾਂ ਉਕਤ ਜਥੇਬੰਦੀ ਵਲੋਂ ਏਸੇ ਹੀ ਮਾਮਲੇ ਨੂੰ ਲੈ ਕੇ 21 ਨਵੰਬਰ 2025 ਨੂੰ ਧਰਨਾ ਲਗਾਇਆ ਗਿਆ ਸੀ | ਜਦੋਂ ਕਿ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪੁੱਜੇ ਪੁਲਿਸ ਉੱਚ ਅਧਿਕਾਰੀ ਤੇਜਬੀਰ ਸਿੰਘ ਹੁੰਦਲ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਧਰਨਾ ਸਮਾਪਤ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਅੰਮਿ੍ਤਸਰ ਦੇ ਗੁਮਟਾਲਾ ਬਾਈਪਾਸ ਤੋਂ ਹਵਾਈ ਅੱਡਾ ਮਾਰਗ (ਅਜਨਾਲਾ ਰੋਡ) ਵਿਚੋਂ ਗੁਜਰਦਿਆਂ ਧਰਨੇ ਲੱਗਣ ਕਾਰਣ ਕਈ ਯਾਤਰੀਆਂ ਦੀਆਂ ਉਡਾਣਾਂ ਛੁੱਟ ਜਾਣ ਤੇ ਲੱਖਾਂ ਦੀਆਂ ਟਿਕਟਾਂ ਦਾ ਨੁਕਸਾਨ ਹੋਣ ਕਾਰਣ ਆਪਣੀਆਂ ਮੰਜ਼ਿਲਾਂ ਤੋਂ ਵੀ ਵਾਂਝਿਆਂ ਖੱਜਲ ਖੁਆਰ ਹੋ ਕੇ ਘਰਾਂ ਨੂੰ ਵਾਪਸ ਪਰਤਣ ਲਈ ਮਜ਼ਬੂਰ ਹੋਣਾ ਪੈਂਦਾ ਹੈ | ਜਿਸ ਲਈ ਯਾਤਰੀ ਪੰਜਾਬ ਸੂਬੇ ਦੇ ਪ੍ਰਸ਼ਾਸਨ ਦੀ ਅਣਗਹਿਲੀ ਤੇ ਨਿਕੰਮੇਪਨ ਨੂੰ ਕੋਸਦੇ ਨਜ਼ਰ ਆਉਂਦੇ ਹਨ | ਇੱਥੇ ਇਹ ਵਰਣਨਯੋਗ ਹੈ ਕਿ ਮਾਮਲਾ ਅੰਮਿ੍ਤਸਰ ਜ਼ਿਲ੍ਹੇ ਦੇ ਕਿਸੇ ਵੀ ਖੇਤਰ ਦਾ ਹੋਵੇ ਤਾਂ ਲੋਕਾਂ ਵਲੋਂ ਉਸ ਨੂੰ ਹੱਲ ਕਰਵਾਉਣ ਲਈ ਹਵਾਈ ਅੱਡਾ ਮਾਰਗ ਨੂੰ ਨਿਸ਼ਾਨਾ ਬਣਾ ਕੇ ਹਵਾਈ ਅੱਡਾ ਮਾਰਗ 'ਤੇ ਹੀ ਚੱਕਾ ਜਾਮ ਕਰਨਾ ਆਮ ਜਿਹੀ ਗੱਲ ਬਣ ਚੁੱਕੀ ਹੈ, ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਵਾਈ ਅੱਡਾ ਮਾਰਗ 'ਤੇ ਵਾਰ ਵਾਰ ਧਰਨੇ ਮੁਜ਼ਾਹਰੇ ਲੱਗਣ ਨੂੰ ਦੂਜੇ ਆਮ ਮਾਰਗਾਂ ਦੀ ਤਰ੍ਹਾਂ ਸਮਝ ਕੇ ਅਣਗੌਲਿਆ ਕੀਤਾ ਜਾਂਦਾ ਹੈ | ਇਸ ਦੌਰਾਨ ਹਵਾਈ ਅੱਡੇ 'ਤੇ ਆਉਣ ਜਾਣ ਵਾਲੇ ਯਾਤਰੀਆਂ ਤੋਂ ਇਲਾਵਾ ਰਾਹਗੀਰ ਅਤੇ ਸਕੂਲਾਂ ਕਾਲਜਾਂ ਦੇ ਬੱਚਿਆਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੀ ਭਾਰੀ ਖੱਜਲ ਖੁਆਰ ਹੋਣਾ ਪੈਂਦਾ ਹੈ | ਚੱਕਾ ਜਾਮ ਤੇ ਧਰਨਾ ਲੱਗਣ ਕਾਰਣ ਕਈ ਕਈ ਘੰਟੇ ਬੀਤ ਜਾਣ ਮਗਰੋਂ ਵੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਨਜ਼ਰ ਆਉਂਦਾ ਹੈ ਤੇ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ | ਕਿਸੇ ਸਮੇਂ ਧਰਨਾਕਾਰੀਆਂ ਕੋਲ ਡਿਊਟੀ 'ਤੇ ਖੜੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਲਚਾਰ ਮੂਕ ਦਰਸ਼ਕ ਬਣ ਕੇ ਆਲਾ ਉੱਚ ਅਧਿਕਾਰੀਆਂ ਦੇ ਹੁਕਮ ਦੀ ਤਾਮੀਲ ਦੀ ਉਡੀਕ ਕਰਦੇ ਰਹਿੰਦੇ ਹਨ | ਚੱਕਾ ਜਾਮ ਹੋਣ ਦੌਰਾਨ ਵੱਖ ਵੱਖ ਯਾਤਰੀਆਂ 'ਚ ਬਜ਼ੁਰਗ ਜੋੜੇ ਤੇ ਬੱਚੇ ਵੀ ਮੌਜੂਦ ਹੁੰਦੇ ਹਨ ਜੋ ਆਪਣੀਆਂ ਕਾਰਾਂ ਗੱਡੀਆਂ ਵਿਚੋਂ ਆਪਣਾ ਜ਼ਰੂਰੀ ਭਾਰਾ ਸਾਮਾਨ ਚੁੱਕ ਕੇ ਖੱਜਲ ਖੁਆਰ ਹੁੰਦੇ ਹੋਏ ਹਵਾਈ ਅੱਡੇ ਨੂੰ ਪੈਦਲ ਰਵਾਨਾ ਹੁੰਦੇ ਹਨ | ਇਸ ਤੋਂ ਇਲਾਵਾ ਹਵਾਈ ਅੱਡੇ ਦੇ ਅੰਦਰ ਡਿਊਟੀ 'ਤੇ ਜਾਣ ਵਾਲੇ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਮੇਂ ਸਿਰ ਡਿਊਟੀ 'ਤੇ ਪੁੱਜਣ ਲਈ ਧਰਨਾਕਾਰੀਆਂ ਦੇ ਤਰਲੇ ਮਿੰਨਤਾਂ ਕਰਦੇ ਵੇਖੇ ਜਾਂਦੇ ਹਨ | ਕਈ ਵਾਰ ਯਾਤਰੀ ਭਰੇ ਮਨ ਨਾਲ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਹ ਹਵਾਈ ਅੱਡੇ ਦੇ ਬਿਲਕੁਲ ਨੇੜੇ ਸੜਕ 'ਤੇ ਧਰਨਾ ਲੱਗਣ ਕਾਰਣ ਬਹੁਤ ਦੁਖੀ ਹਨ, ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਮਹਿੰਗੇ ਮੁੱਲ ਦੀਆਂ ਟਿਕਟਾਂ ਖਰੀਦੀਆਂ ਹਨ ਪਰ ਲੇਟ ਹੋਣ ਕਾਰਣ ਪਤਾ ਨਹੀਂ ਹੁਣ ਏਅਰ ਪੋਰਟ ਵਾਲੇ ਉਨ੍ਹਾਂ ਨੂੰ ਉਡਾਣ 'ਤੇ ਚੜਨ ਦੇਣਗੇ ਜਾਂ ਨਹੀਂ |
ਹਵਾਈ ਅੱਡਾ ਮਾਰਗ ਜਾਮ ਕਰਨ ਵਾਲਿਆਂ 'ਤੇ ਕੀਤੇ ਜਾਣ ਮੁਕੱਦਮੇ ਦਰਜ.
ਵੱਖ ਵੱਖ ਸਮਾਜ ਸੇਵੀ ਆਗੂਆਂ ਤੇ ਯਾਤਰੂਆਂ ਨੇ ਹਵਾਈ ਅੱਡਾ ਮਾਰਗ 'ਤੇ ਧਰਨੇ ਲੱਗਣ ਤੇ ਚੱਕਾ ਜਾਮ ਕਰਨ ਤੇ ਪੱਕੀ ਰੋਕ ਲਗਾਉਣ ਦੀ ਮੰਗ ਕੀਤੀ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਕੋਲ ਮੰਗ ਕੀਤੀ ਕਿ ਹਵਾਈ ਅੱਡਾ ਮਾਰਗ ਨੂੰ ਲਗਾਤਾਰ ਨਿਰੰਤਰ ਚਾਲੂ ਰੱਖਣ ਲਈ ਚੱਕਾ ਜਾਮ ਕਰਨ ਦੀ ਪੱਕੀ ਰੋਕ ਲਗਾਈ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹਵਾਈ ਅੱਡਾ ਮਾਰਗ 'ਤੇ ਧਰਨਾ ਲਗਾ ਕੇ ਹਵਾਈ ਅੱਡਾ ਮਾਰਗ ਨੂੰ ਬੰਦ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਮੁੱਕਦਮੇ ਦਰਜ ਕੀਤੇ ਜਾਣੇ ਚਾਹੀਦੇ ਹਨ |
ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਆਉਣ ਜਾਣ ਵਾਲੇ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਅੱਜ ਦਾ ਧਰਨਾ <br/>
ਅਜੀਤ ਡੈਸਕ
07-04-2026