ਇੰਟੈਕ ਅੰਮਿ੍ਤਸਰ ਵਲੋਂ ਜਲਿ੍ਹਆਂਵਾਲਾ ਬਾਗ ਵਿਖੇ ਸ਼ਰਧਾਂਜਲੀ ਭੇਟ <br/>
ਅਜੀਤ ਡੈਸਕ
14-04-2026
ਇਸ ਸਮਾਰੋਹ 'ਚ ਜੂਨ 1921'ਚ ਅੰਗਰੇਜ਼ ਸਰਕਾਰ ਵਲੋਂ ਜਲਿ੍ਹਆਂਵਾਲਾ ਬਾਗ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਮੁਆਵਜ਼ੇ ਦੀ ਰਕਮ ਨੂੰ ਠੁਕਰਾ ਕੇ ਸਾਕੇ ਦੇ ਸ਼ਹੀਦਾਂ ਨੂੰ ਸਨਮਾਨ ਦਿਵਾਉਣ ਵਾਲੀ ਸ਼ਹੀਦ ਭਾਗ ਮਲ ਭਾਟੀਆ ਦੀ ਪਤਨੀ ਬੀਤੀ ਅਤਰ ਕੌਰ ਦੇ ਪਰਿਵਾਰਕ ਮੈਂਬਰ ਰਵੀ ਭਾਟੀਆ ਅਤੇ ਉਨ੍ਹਾਂ ਦੀ ਪਤਨੀ ਵਿਨੈ ਭਾਟੀਆ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇੰਟੈਕ ਵਲੋਂ ਉਕਤ ਪਰਿਵਾਰ ਨੂੰ ਸਨਮਾਨਿਤ ਕੀਤੇ ਜਾਣ ਉਪਰੰਤ ਗਗਨਦੀਪ ਸਿੰਘ ਵਿਰਕ ਨੇ ਸੰਬੋਧਨ ਦੌਰਾਨ ਇਸ 'ਤੇ ਨਾਰਾਜ਼ਗੀ ਜਤਾਈ ਕਿ ਦਿੱਲੀ ਵਿਖੇ ਦਵਾਰਕਾ ਆਬਾਦੀ 'ਚ ਤੰਗਹਾਲੀ ਦੀ ਜ਼ਿੰਦਗੀ ਬਤੀਤ ਕਰ ਰਹੇ ਇਸ ਪਰਿਵਾਰ ਨੂੰ ਇਸ ਹੱਦ ਤੱਕ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਹਰ ਸਾਲ 13 ਅਪ੍ਰੈਲ ਨੂੰ ਜਲਿ੍ਹਆਂਵਾਲਾ ਬਾਗ 'ਚ ਹੋਣ ਵਾਲੇ ਸਰਕਾਰੀ ਸਮਾਗਮ 'ਚ ਸ਼ਾਮਿਲ ਹੋਣ ਲਈ ਇਨ੍ਹਾਂ ਨੂੰ ਕਦੇ ਸੱਦਾ ਤੱਕ ਵੀ ਨਹੀਂ ਭੇਜਿਆ ਗਿਆ |
ਉਨ੍ਹਾਂ ਨੇ ਦੱਸਿਆ ਕਿ 1919 ਦੇ ਸਾਕੇ ਦੇ ਦੋ ਸਾਲ ਬਾਅਦ 15 ਜੂਨ 1921 ਨੂੰ ਅੰਗਰੇਜ਼ ਸਰਕਾਰ ਦੁਆਰਾ ਜਲਿ੍ਹਆਂਵਾਲਾ ਬਾਗ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ | ਜਿਸ ਦੇ ਚੱਲਦਿਆਂ ਬਾਗ 'ਚ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਦੇ ਨਾਲ-ਨਾਲ ਉਨ੍ਹਾਂ ਸਭ ਲੋਕਾਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ, ਜਿਨ੍ਹਾਂ ਦਾ ਉਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਹੋਇਆ ਸੀ | ਜਦਕਿ ਬੀਬੀ ਅਤਰ ਕੌਰ ਨੇ ਅੰਗਰੇਜ਼ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ 25 ਹਜ਼ਾਰ ਰੁਪਏ ਇਹ ਕਹਿਕੇ ਲੈਣ ਤੋਂ ਮਨ੍ਹਾ ਕਰ ਦਿੱਤੇ ਕਿ ਉਹ ਹਤਿਆਰੀ ਸਰਕਾਰ ਪਾਸੋਂ ਆਪਣੇ ਪਤੀਆਂ ਦੇ ਕਤਲ ਦਾ ਮੁੱਲ ਨਹੀਂ ਵਟੇਗੀ | ਇਸ ਸਮਾਗਮ 'ਚ ਉਚੇਚੇ ਤੌਰ 'ਤੇ ਪਧਾਰੇ ਨਵਦੀਪ ਸਿੰਘ ਸੂਰੀ ਨੇ ਦੱਸਿਆ ਕਿ ਸਾਕੇ ਵਾਲੇ ਦਿਨ ਉਨ੍ਹਾਂ ਦੇ ਦਾਦਾ ਅਤੇ ਪੰਜਾਬੀ ਸਾਹਿੱਤ ਦੇ ਮਹਾਨ ਥੰਮ੍ਹ ਸਰਦਾਰ ਨਾਨਕ ਸਿੰਘ ਵੀ ਜਲਿ੍ਹਆਂਵਾਲਾ ਬਾਗ 'ਚ ਮੌਜੂਦ ਸਨ | ਉਸ ਭਿਆਨਕ ਕਤਲੇਆਮ ਦੇ ਚਸ਼ਮਦੀਦ ਗਵਾਹ ਸ: ਨਾਨਕ ਸਿੰਘ ਨੇ ਉਸ ਅਸਹਿ ਦਰਦ ਨੂੰ ਆਪਣੀਆਂ ਅਮਰ ਰਚਨਾਵਾਂ 'ਖ਼ੂਨੀ ਵਿਸਾਖੀ' ਅਤੇ 'ਲਹੂ ਭਿੱਜੇ ਬੋਲ' ਰਾਹੀਂ ਸਦਾ ਲਈ ਅਮਰ ਕਰ ਦਿੱਤਾ | ਇਸ ਮੌਕੇ ਨਵਦੀਪ ਸਿੰਘ ਸੂਰੀ ਨੇ 'ਖ਼ੂਨੀ ਵਿਸਾਖੀ' 'ਚ ਦਰਜ ਕੁਝ ਪੰਕਤੀਆਂ ਹਾਜ਼ਰ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ |