ਅੰਮਿ੍ਤਸਰ, 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰ: ਆਂਚਲ ਮਹਾਜਨ ਦੀ ਅਗਵਾਈ ਹੇਠ ਵਿਸਾਖੀ (ਖਾਲਸਾ ਸਾਜਨਾ ਦਿਵਸ) ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵਿਸਾਖੀ ਮਨਾਉਣ ਸੰਬੰਧੀ ਪ੍ਰਚਲਿਤ ਵੱਖ-ਵੱਖ ਰੀਤਾਂ ਦੇ ਬਾਰੇ ਜਾਣਕਾਰੀ ਦਿੱਤੀ, ਕਵਿਤਾਵਾਂ ਸੁਣਾਈਆਂ ਅਤੇ ਭੰਗੜਾ ਅਤੇ ਗਿੱਧਾ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ | ਇਸ ਦੌਰਾਨ ਪੰਜਾਬੀ ਗੱਭਰੂ ਅਤੇ ਮੁਟਿਆਰ ਮੁਕਾਬਲਾ ਵੀ ਕਰਵਾਇਆ ਤੇ ਜੇਤੂ ਨੂੰ ਇਨਾਮ ਦਿੱਤੇ | ਅਧਿਆਪਕਾ ਗੁਰਜੀਤ ਕੌਰ ਨੇ ਬੱਚਿਆਂ ਨਾਲ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਪਿ੍ੰ: ਆਂਚਲ ਮਹਾਜਨ ਨੇ ਬੱਚਿਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਸਮਝਾਇਆ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ |