ਅੰਮਿ੍ਤਸਰ, 20 ਅਪ੍ਰੈਲ (ਰੇਸ਼ਮ ਸਿੰਘ)-2 ਵਕੀਲ ਭਰਾਵਾਂ ਦੇ ਪਿਤਾ ਤੇ ਅਵਾਣ ਦੀ ਦਾਣਾ ਮੰਡੀ 'ਚ ਆੜਤੀ ਦਲਬੀਰ ਸਿੰਘ ਦੀ ਹੋਈ ਹਤਿਆ ਦੇ ਮਾਮਲੇ 'ਚ ਪੁਲਿਸ ਵਲੋਂ ਦੋਸ਼ੀਆਂ ਦੀ ਗਿ੍ਫਤਾਰੀ ਨਾ ਕੀਤੇ ਜਾਣ ਦੇ ਖਿਲਾਫ ਵਕੀਲ ਭਾਈਚਾਰੇ ਦਾ ਗੁੱਸਾ ਭੜਕ ਪਿਆ ਹੈ ਜਿਨ੍ਹਾਂ ਵਲੋਂ ਅੱਜ ਬਕਾਇਦਾ ਕੰਮ ਕਾਜ ਠੱਪ ਕਰਕੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਦੀ ਪੱਖਪਾਤੀ ਕਾਰਗੁਜ਼ਾਰੀ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਜਾਣਕਾਰੀ ਦਿੰਦਿਆਂ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ ਨੇ ਦਸਿਆ ਕਿ ਸਾਥੀ ਵਕੀਲ ਸੁਖਨੀਪ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਦੇ ਪਿਤਾ ਦੇ ਮੰਦਭਾਗੇ ਅਤੇ ਦੁਖਦਾਈ ਕਤਲ ਦੇ ਮਾਮਲੇ ਵਿਚ ਥਾਣਾ ਰਾਮਦਾਸ ਵਿਚ ਬੀਤੇ 16 ਅਪ੍ਰੈਲ ਨੂੰ ਪਰਚਾ ਦਰਜ ਕੀਤਾ ਗਿਆ ਸੀ ਜਦੋਂ ਕਿ ਉਨ੍ਹਾਂ ਇਸ ਤੱਥ ਦਾ ਵੀ ਗੰਭੀਰ ਨੋਟਿਸ ਲਿਆ ਕਿ ਬਿਆਨਾਂ ਵਿਚ ਖਾਸ ਵਿਅਕਤੀਆਂ ਦੇ ਨਾਮ ਹੋਣ ਦੇ ਬਾਵਜੂਦ, ਪੁਲਿਸ ਅਧਿਕਾਰੀ ਐਫ.ਆਈ.ਆਰ. ਵਿਚ ਅਜਿਹੇ ਸਾਰੇ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕਰਨ ਵਿਚ ਅਸਫਲ ਰਹੇ ਹਨ ਅਤੇ ਅੱਜ ਤੱਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਹੈ | ਇਸ ਤੋਂ ਪਹਿਲਾਂ ਵੀ 18 ਅਪ੍ਰੈਲ ਨੂੰ ਨੋ ਵਰਕ ਡੇਅ ਦਾ ਐਲਾਨ ਕੀਤਾ ਸੀ ਤੇ ਬਾਰ ਐਸੋਸੀਏਸ਼ਨ ਨੇ ਮੰਗ ਕੀਤੀ ਸੀ ਕਿ ਪੁਲਿਸ ਸਾਰੇ ਦੋਸ਼ੀਆਂ ਨੂੰ ਨਾਮਜਦ ਕਰਕੇ ਅਤੇ ਉਨ੍ਹਾਂ ਦੀ ਗਿ੍ਫਤਾਰੀ ਨੂੰ ਯਕੀਨੀ ਬਣਾਉਣ ਲਈ ਅਲਟੀਮੇਟਮ ਦਿੱਤਾ ਸੀ | ਹਾਲਾਂਕਿ ਉਕਤ ਅਲਟੀਮੇਟਮ ਦੀ ਪਾਲਣਾ ਵਿਚ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਅੱਜ ਦੁਬਾਰਾ ਨੋ ਵਰਕ ਡੇਅ ਕਰਨਾ ਪਿਆ | ਉਨ੍ਹਾਂ ਕਿਹਾ ਕਿ ਭਲਕ ਤੋਂ ਸੂਬਾ ਪੱਧਰੀ ਹੜਤਾਲ ਕੀਤੀ ਜਾ ਰਹੀ ਹੈ ਜਿਸ 'ਚ ਸਮੁਚੇ ਰਾਜ ਦੀਆਂ ਬਾਰ ਐਸੋਸੀਏਸ਼ਨਾਂ 'ਚ ਨੋ ਵਰਕ ਡੇਅ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਬਾਰ ਐਸੋਸੀਏਸ਼ਨ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ 24 ਘੰਟਿਆਂ ਦਾ ਆਖ਼ਰੀ ਅਲਟੀਮੇਟਮ ਦਿੰਦੀ ਹੈ ਕਿ ਉਹ ਮੁੱਖ ਹਮਲਾਵਰਾਂ ਨੂੰ ਤੁਰੰਤ ਨਾਮਜ਼ਦ ਕਰਨ, ਜਿਸਦਾ ਨਾਮ ਬਿਆਨਾਂ ਵਿਚ ਖਾਸ ਤੌਰ 'ਤੇ ਦੱਸਿਆ ਗਿਆ ਹੈ ਪਰ ਐਫਆਈਆਰ ਵਿਚ ਸ਼ਾਮਲ ਨਹੀਂ ਹੈ, ਅਤੇ ਮਾਮਲੇ ਵਿਚ ਸ਼ਾਮਲ ਸਾਰੇ ਦੋਸ਼ੀਆਂ ਦੀ ਤੁਰੰਤ ਗਿ੍ਫ਼ਤਾਰੀ ਨੂੰ ਯਕੀਨੀ ਬਣਾਉਣ | ਇਸ ਤੋਂ ਇਲਾਵਾ, ਅੰਮਿ੍ਤਸਰ ਬਾਰ ਐਸੋਸੀਏਸ਼ਨ ਇਹ ਵੀ ਮੰਗ ਕਰਦੀ ਹੈ ਕਿ ਪੀੜਤ ਵਕੀਲਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਅਤੇ ਸੁਰੱਖਿਆ ਲਈ ਤੁਰੰਤ ਢੁਕਵੇਂ ਸੁਰੱਖਿਆ ਉਪਾਅ ਪ੍ਰਦਾਨ ਕੀਤੇ ਜਾਣ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਹਮਲਾਵਰਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ | ਇਸ ਮੌਕੇ ਸਕੱਤਰ ਵਿੱਕੀ ਮਹਿਰਾ, ਮੀਤ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਜੁਆਇੰਟ ਸਕੱਤਰ ਸੌਰਵ ਮਹਿਰਾ ਤੇ ਖਜ਼ਾਨਚੀ ਰਾਕੇਸ਼ ਸ਼ਰਮਾ ਆਦਿ ਹਾਜ਼ਰ ਸਨ |