ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਕਰਾਚੀ ਤੋਂ ਗਵਾਦਰ ਜਾਂਦੇ ਕੋਸਟਲ ਹਾਈਵੇ 'ਤੇ ਹਿੰਗੋਲ ਨਦੀ ਦੇ ਕੰਢੇ 'ਤੇ ਮਕਰਾਨ ਮਾਰੂਥਲ 'ਚ ਕੇਰਥਰ ਪਹਾੜੀਆਂ ਦੇ ਅੰਤ 'ਚ ਸਥਿਤ ਹਿੰਗਲਾਜ਼ ਤੀਰਥ ਵਿਖੇ ਤਿੰਨ ਦਿਨਾਂ ਸਾਲਾਨਾ ਤਿਉਹਾਰ ਦੌਰਾਨ 3 ਲੱਖ ਹਿੰਦੂਆਂ ਨੇ ਦਰਸ਼ਨ ਕੀਤੇ | ਪਾਕਿ ਅਧਿਕਾਰੀਆਂ ਦੇ ਅਨੁਸਾਰ ਹਿੰਗਲਾਜ਼ ਮਾਤਾ ਮੰਦਰ ਦਾ ਸਾਲਾਨਾ ਤਿਉਹਾਰ 17 ਅਪ੍ਰੈਲ ਨੂੰ ਸ਼ੁਰੂ ਹੋ ਕੇ ਅੱਜ ਸਮਾਪਤ ਹੋਇਆ | ਅਧਿਕਾਰੀਆਂ ਦੇ ਅਨੁਸਾਰ ਭਾਰਤ ਅਤੇ ਨਿਪਾਲ 'ਚ ਵੱਡੇ ਧਾਰਮਿਕ ਤਿਉਹਾਰਾਂ ਤੋਂ ਬਾਅਦ ਹਿੰਗਲਾਜ਼ ਮਾਤਾ ਤਿਉਹਾਰ ਨੂੰ ਹਿੰਦੂਆਂ ਲਈ ਤੀਜਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮੰਨਿਆ ਜਾਂਦਾ ਹੈ |