ਅੰਮਿ੍ਤਸਰ, 21 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਆਮ ਹੀ ਸੀਵਰੇਜ ਦੇ ਹੋਲ ਬਣੇ ਹੋਏ ਹਨ ਪਰ ਕਈ ਜਗ੍ਹਾ 'ਤੇ ਸੀਵਰੇਜ ਦੇ ਢੱਕਣ ਟੁੱਟੇ ਪਏ ਹਨ ਜਾਂ ਸੜਕ ਨਾਲੋਂ ਨੀਵੇ ਹਨ ਜੋ ਮੌਤ ਦੇ ਖੂਹ ਤੋਂ ਘੱਟ ਨਹੀ ਹਨ | ਸਥਾਨਕ ਹਾਲ ਗੇਟ ਤੋਂ ਰਾਮ ਬਾਗ਼ ਨੂੰ ਜਾਂਦੇ ਚਿਤਰਾ ਸਿਨੇਮਾਂ ਵਾਲੇ ਰਸਤੇ 'ਤੇ ਵੀ ਸੀਵਰੇਜ ਦੇ ਢੱਕਣ ਟੁੱਟੇ ਪਏ ਹਨ | ਸੜਕ ਦੇ ਵਿਚਕਾਰ ਕਈ ਦਿਨਾਂ ਤੱਕ ਇਹ ਢੱਕਣ ਖੁਲ੍ਹੇ ਰਹੇ ਜਿਸ 'ਤੇ ਰਾਹਗੀਰਾਂ ਨੂੰ ਸੁਚੇਤ ਕਰਨ ਲਈ ਕੁਝ ਲੋਕਾਂ ਵਲੋਂ ਝਾੜੀਆਂ ਰੱਖੀਆ ਗਈਆਂ ਸਨ ਅਤੇ ਹੁਣ ਉਸ ਦੇ ਉਪਰ ਕੰਮ ਚਲਾਉਣ ਲਈ ਡਰੱਮ ਉਲਟਾ ਕੇ ਰੱਖ ਦਿੱਤਾ ਹੈ | ਜਿਸ ਤਰ੍ਹਾਂ ਸੀਵਰੇਜ ਦਾ ਮੂੰਹ ਖੁਲ੍ਹਾ ਹੈ ਉਹ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਸਬੱਬ ਬਣ ਸਕਦਾ ਹੈ | ਜਿਸ ਤਰ੍ਹਾਂ ਕਈ ਦਿਨਾਂ ਤੋਂ ਸੀਵਰੇਜ ਵੱਲ ਨਿਗਮ ਦਾ ਧਿਆਨ ਨਹੀ ਗਿਆ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਬੇਪ੍ਰਵਾਹ ਹੋਇਆ ਨਗਰ ਨਿਗਮ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ | ਇਸ ਸੜਕ ਦੇ ਪੂਰਾ ਦਿਨ ਆਵਾਜਾਈ ਦੀ ਭੀੜ ਹੁੰਦੀ ਹੈ | ਬੱਸ ਅੱਡੇ ਤੋਂ ਨਿਕਲਣ ਵਾਲੀਆਂ ਬਹੁਤ ਸਾਰੀਆਂ ਬੱਸਾਂ ਵੀ ਇਸੇ ਰਸਤੇ ਤੋਂ ਨਿਕਦੀਆਂ ਹਨ | ਇਸ ਤੋਂ ਇਲਾਵਾ ਹਾਲ ਗੇਟ ਦੇ ਅੰਦਰ ਵੱਡੀ ਗੱਡੀਆਂ ਦਾ ਦਾਖਲਾਂ ਬੰਦ ਹੋਣ ਕਰਕੇ ਬਹੁਤ ਸਾਰੀਆਂ ਗੱਡੀਆਂ ਇਸੇ ਰੂਟ ਤੋਂ ਨਿਕਦੀਆਂ ਹਨ | ਜਿਸ ਕਾਰਨ ਇਹ ਸੜਕ 'ਤੇ ਸੀਵਰੇਜ ਦੇ ਖੁਲ੍ਹੇ ਹੋਲ ਦੇ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ | ਇਸ ਤੋਂ ਇਲਾਵਾ ਇਸ ਸੜਕ 'ਤੇ ਸੀਵਰੇਜ ਦੇ ਕਈ ਢੱਕਣ ਸੜਕ ਨਾਲੋਂ ਨੀਵੇਂ ਹਨ ਜਿਨ੍ਹਾਂ ਦੇ ਵਿਚ ਵਾਹਨਾਂ ਦੇ ਟਾਇਰ ਵੱਜਦੇ ਹਨ | ਕਈ ਦੋ ਪਹੀਆਂ ਵਾਹਨ ਚਾਲਕ ਇਨ੍ਹਾਂ ਵਿਚ ਵੱਜ ਕੇ ਡਿਗਦੇ ਹਨ ਅਤੇ ਜਖ਼ਮੀ ਹੁੰਦੇ ਹਨ |
ਸੜਕਾਂ ਦੇ ਵਿਚਕਾਰ ਬਣੇ ਸੀਵਰੇਜ਼ ਦੇ ਮੈਨਹੋਲ ਮੌਤ ਦੇ ਖੂਹ ਤੋਂ ਨਹੀਂ ਘੱਟ <br/>
ਅਜੀਤ ਡੈਸਕ
22-04-2026