ਅਜਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਗੁਰਾਲਾ ਵਿਖੇ ਇਕ ਵਿਆਹੁਤਾ ਔਰਤ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਮਿ੍ਤਕ ਰਜੀਆ ਦੇ ਪੇਕਾ ਪਰਿਵਾਰ ਵਲੋਂ ਸਹੁਰੇ ਪਰਿਵਾਰ 'ਤੇ ਉਸ ਦਾ ਕਤਲ ਕਰਨ ਦੇ ਦੋਸ਼ ਲਗਾਏ ਹਨ | ਇਹ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ ਅਜਨਾਲਾ ਗੁਰਦੀਪ ਸਿੰਘ ਅਤੇ ਐੱਸ.ਐੱਚ.ਓ ਅਜਨਾਲਾ ਸਬ-ਇੰਸਪੈਕਟਰ ਹਰਜੀਤ ਸਿੰਘ ਸੰਧੂ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਮਿ੍ਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਮਿ੍ਤਕਾ ਦੇ ਪਿਤਾ ਪ੍ਰਕਾਸ਼ ਮਸੀਹ ਵਾਸੀ ਪਿੰਡ ਗੁੱਝਾਪੀਰ ਨੇ ਕਥਿਤ ਦੋਸ਼ ਲਗਾਉਂਦਿਆਂ ਦੱਸਿਆ ਕਿ ਰਜੀਆ ਦਾ ਪਤੀ ਮੰਗਾ ਮਸੀਹ ਨਸ਼ੇ ਕਰਨ ਦਾ ਆਦੀ ਸੀ ਤੇ ਅਕਸਰ ਹੀ ਉਹ ਰਜੀਆ ਕੋਲੋਂ ਪੈਸੇ ਮੰਗਦਾ ਸੀ ਤੇ ਅੱਜ ਵੀ ਉਸ ਨੇ ਜਦੋਂ ਮੰਗਾ ਮਸੀਹ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਰਜੀਆ ਨੂੰ ਫਾਹਾ ਦੇ ਕੇ ਮਾਰ ਦਿੱਤਾ ਹੈ | ਉਸ ਨੇ ਦੱਸਿਆ ਕਿ ਰਜੀਆ ਦੀ ਸੱਸ ਵੀ ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦੀ ਸੀ | ਪ੍ਰਕਾਸ਼ ਮਸੀਹ ਨੇ ਇਹ ਵੀ ਦੱਸਿਆ ਕਿ ਰਜੀਆ ਅੱਜ ਸਵੇਰੇ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਆਈ ਸੀ ਤੇ ਉਸ ਤੋਂ ਬਾਅਦ ਹੀ ਇਹ ਭਾਣਾ ਵਾਪਰਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਰਜੀਆ ਦੀ ਮੌਤ ਸੰਬੰਧੀ ਉਸ ਦੇ ਸਹੁਰੇ ਪਰਿਵਾਰ ਨੇ ਸਾਨੂੰ ਸੂਚਨਾ ਤੱਕ ਨਹੀਂ ਦਿੱਤੀ ਜਦਕਿ ਸਾਨੂੰ ਕਿਸੇ ਹੋਰ ਰਿਸ਼ਤੇਦਾਰ ਨੇ ਉਸ ਦੀ ਮੌਤ ਬਾਰੇ ਦੱਸਿਆ ਸੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮੇਰੀ ਧੀ ਰਜੀਆ ਦੀ ਮੌਤ ਲਈ ਜ਼ਿੰਮੇਵਾਰੀ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਚ.ਓ. ਸਬ ਇੰਸਪੈਕਟਰ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਹੋਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |