ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਸੈਂਟਰ ਫਾਰ ਸਸਟੇਨੇਬਲ ਹੈਬਿਟੈਟ, ਰੂਸਾ 2.0 ਦੇ ਸਹਿਯੋਗ ਨਾਲ ਵਿਰਾਸਤ ਅਤੇ ਟਿਕਾਊ ਨਿਵਾਸ: ਡਿਜਿਟਲ ਆਰਕਾਈਵਜ਼ ਅਤੇ ਮਿਊਜ਼ੀਅਮ ਬਾਰੇ ਤਿੰਨ ਦਿਨਾਂ ਵਰਕਸ਼ਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਕਾਨਫਰੰਸ ਹਾਲ ਵਿਚ ਸ਼ੁਰੂ ਹੋਈ |ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਡਾ. ਸ਼ੇਫਾਲੀ ਚੌਹਾਨ ਦੇ ਸਵਾਗਤੀ ਸੰਬੋਧਨ ਨਾਲ ਹੋਈ | ਇਸ ਮੌਕੇ 'ਤੇ ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੁ ਸ਼ਰਮਾ ਨੇ ਵਰਕਸ਼ਾਪ ਦੇ ਵਿਸ਼ੇ ਅਤੇ ਵਿਸ਼ੇਸ਼ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ | ਉਦਘਾਟਨੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਸਾਬਕਾ ਮੁਖੀ ਡਾ. ਸੁਖਦੇਵ ਸਿੰਘ ਸੋਹਲ ਨੇ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਇਤਿਹਾਸਕ ਖੋਜ ਵਿਚ ਮਦਦਗਾਰ ਹੈ, ਪਰ ਇਸ ਨਾਲ ਬਣ ਰਹੀ ਜਾਣਕਾਰੀ ਨੂੰ ਬਿਨਾਂ ਜਾਂਚੇ-ਪਰਖੇ ਸਵੀਕਾਰ ਕਰਨਾ ਖਤਰਨਾਕ ਹੋ ਸਕਦਾ ਹੈ | ਪਟਨਾ ਅਤੇ ਬਿਹਾਰ ਮਿਊਜ਼ੀਅਮ ਦੇ ਐਡੀਸ਼ਨਲ ਡਾਇਰੈਕਟਰ ਡਾ. ਸੁਨੀਲ ਕੁਮਾਰ ਝਾ ਨੇ ਡਿਜਿਟਲ ਆਰਕਾਈਵਜ਼ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਬਿਹਾਰ ਸਰਕਾਰ ਦੀ ਆਰਕਾਈਵਿਸਟ ਡਾ. ਰਸ਼ਮੀ ਕਿਰਣ ਨੇ ਕਿਹਾ ਕਿ ਆਰਕਾਈਵਜ਼ ਸਿਰਫ਼ ਪੁਰਾਣੇ ਕਾਗਜ਼ਾਂ ਦਾ ਢੇਰ ਨਹੀਂ ਹੁੰਦੇ, ਸਗੋਂ ਇਹ ਸਮਾਜ ਦੀ ਸਾਂਝੀ ਯਾਦਦਾਸ਼ਤ ਹੁੰਦੇ ਹਨ | ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਅਤੇ ਮਿਊਜ਼ੀਅਮ ਮਾਹਰ ਡਾ. ਮੁਨਮੁਨ ਮੋਂਡਲ ਨੇ ਕਿਹਾ ਕਿ ਆਧੁਨਿਕ ਮਿਊਜ਼ੀਅਮ ਤਕਨਾਲੋਜੀ, ਇੰਟਰਐਕਟਿਵ ਡਿਸਪਲੇ ਅਤੇ ਰੌਚਕ ਕਹਾਣੀ ਕਹਿਣ ਦੇ ਢੰਗ ਨਾਲ ਲੋਕਾਂ ਨੂੰ ਇਤਿਹਾਸ ਨਾਲ ਜੋੜ ਰਹੇ ਹਨ | ਅੰਤ 'ਚ ਡਾ. ਮਨੁ ਸ਼ਰਮਾ ਵਲੋਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |