ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮਿ੍ਤਸਰ ਤੋਂ ਵਾਇਆ ਗੁਰੂਵਾਲੀ, ਚੱਬਾ, ਗੋਹਲਵੜ੍ਹ ਤੋਂ ਤਰਨ ਤਾਰਨ ਨੂੰ ਜਾਣ ਵਾਲਾ ਮਾਰਗ ਪਿਛਲ਼ੇ ਕਈ ਸਾਲਾਂ ਤੋਂ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਜਿਸ ਤੋਂ ਨਿਜਾਤ ਮਿਲਣ ਦੀ ਆਸ ਤਾਂ ਲੋਕਾਂ 'ਚ ਉਸ ਵੇਲੇ ਇਕ ਵਾਰ ਜਾਗ ਪਈ ਸੀ ਜਦੋਂ 26 ਮਹੀਨੇ ਪਹਿਲਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਖੁਦ ਅੰਮਿ੍ਤਸਰ ਤਰਨ ਤਾਰਨ ਰੋਡ ਨੂੰ ਚਾਰ ਮਾਰਗੀ ਕਰਨ ਦਾ ਨੀਂਹ ਪੱਥਰ ਰੱਖਿਆ ਸੀ, ਪਰ ਤ੍ਰਾਸਦੀ ਇਹ ਹੈ ਕਿ 2 ਸਾਲ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਅਦ ਵੀ ਇਸ ਰੋਡ 'ਤੇ ਸਿਵਾਏ ਉਸ ਰੱਖੇ ਹੋਏ ਨੀਂਹ ਪੱਥਰ ਤੋਂ ਹੋਰ ਕੋਈ ਕੰਮ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ, ਜਿਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਜਿਓਾ ਦੀਆਂ ਤਿਓਾ ਬਣੀਆਂ ਹੋਈਆਂ ਹਨ | ਲੋਕ ਨਿਰਮਾਣ ਵਿਭਾਗ ਵਲੋਂ 1 ਫਰਵਰੀ 2024 ਨੂੰ ਕਰੀਬ 26 ਮਹੀਨੇ ਪਹਿਲਾਂ 2 ਜ਼ਿਲਿ੍ਹਆਂ ਨੂੰ ਜੋੜਣ ਵਾਲਾ ਅੰਮਿ੍ਤਸਰ ਤਰਨ ਤਾਰਨ ਰੋਡ ਚਾਰ ਮਾਰਗੀ ਕਰਨ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਹਲਕਾ ਅਟਾਰੀ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਸਵ: ਵਿਧਾਇਕ ਕਸ਼ਮੀਰ ਸਿੰਘ ਸੋਹਲ ਵਲੋਂ ਕੀਤਾ ਗਿਆ ਸੀ | ਅੰਮਿ੍ਤਸਰ ਤੋਂ ਤਰਨ ਤਾਰਨ ਨੂੰ ਜਾਣ ਵਾਲਾ ਇਹ ਮਾਰਗ ਦੁਆਬੇ ਅਤੇ ਮਾਲਵੇ ਦੇ ਕਈ ਜ਼ਿਲਿ੍ਹਆਂ ਨੂੰ ਜਾਂਦਾ ਹੋਇਆ ਹੋਰਨਾਂ ਸੂਬਿਆਂ ਨੂੰ ਪੰਜਾਬ ਨਾਲ ਜੋੜਦਾ ਹੈ | ਇਸ ਮਾਰਗ 'ਤੇ ਜਿਥੇ ਅਨੇਕਾਂ ਪਿੰਡ ਹਨ ਉਥੇ ਕਈ ਧਾਰਮਿਕ ਅਸਥਾਨ ਵੀ ਮੌਜੂਦ ਹਨ, ਜਿਸ ਕਾਰਨ ਇਸ ਰੋਡ 'ਤੇ ਰੋਜ਼ਾਨਾ ਲੱਖਾਂ ਲੋਕ ਦਿਨ-ਰਾਤ ਸਫਰ ਕਰਦੇ ਹਨ | ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਮੰਗ ਰਹੀ ਹੈ ਕਿ ਇਸ ਸੜਕ ਨੂੰ ਲੋੜੀਂਦੀਆਂ ਸੁਵਿਧਾਵਾਂ ਅਨੁਸਾਰ ਚਾਰ ਮਾਰਗੀ ਕੀਤਾ ਜਾਵੇ, ਪਰ ਸਮੇਂ ਦੀਆਂ ਸਰਕਾਰ ਵਲੋਂ ਇਸ ਮੰਗ ਨੂੰ ਹਮੇਸ਼ਾਂ ਅਣਗੋਲਿਆਂ ਕੀਤਾ ਗਿਆ | ਗੁਰਦੁਆਰਾ ਬਾਬਾ ਨੋਧ ਸਿੰਘ ਜੀ ਚੱਬਾ ਦੇ ਨਜ਼ਦੀਕ ਡਰੇਨ ਵਾਲਾ ਬੇਹੱਦ ਤੰਗ ਪੁੱਲ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦਾ ਹੈ | ਗੁਰਦੁਆਰਾ ਟਾਹਲਾ ਸਾਹਿਬ ਅਤੇ ਗੁਰਦੁਆਰਾ ਬਾਬਾ ਨੌਧ ਸਿੰਘ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲੱਖਾਂ ਸ਼ਰਧਾਲੂ ਐਤਵਾਰ ਨੂੰ ਵੱਡੀ ਗਿਣਤੀ 'ਚ ਇਥੇ ਪਹੁੰਚਦੇ ਹਨ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਆਵਾਜਾਈ ਨੂੰ ਸੁਚਾਰੂ ਰੂਪ 'ਚ ਚਲਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ, ਜਿਸ ਕਰਕੇ ਆਪੋ-ਧਾਪ ਵਾਲੀ ਸਥਿਤੀ ਪੈਦਾ ਹੋਣ ਕਰਕੇ ਰਾਹਗੀਰ ਕਈ ਕਈ ਘੰਟੇ ਭਾਰੀ ਜਾਮ 'ਚ ਫਸੇ ਰਹਿੰਦੇ ਹਨ | ਲੋਕਾਂ ਨੂੰ ਆਪਣੀ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਹਾਲਾਤ ਉਸ ਵੇਲੇ ਹੋਰ ਦੁੱਭਰ ਹੋ ਜਾਂਦੇ ਹਨ ਜਦੋਂ ਐਬੂਲੈਂਸ ਵੀ ਪੁਲਿਸ ਪ੍ਰਸ਼ਾਸਨ ਦੀ ਇਸ ਅਣਗਹਿਲੀ ਦਾ ਸ਼ਿਕਾਰ ਹੋ ਜਾਂਦੀਆਂ ਹਨ | ਇਸ ਪ੍ਰਕਾਰ ਹੀ ਅੰਮਿ੍ਤਸਰ ਤਰਨ ਤਾਰਨ ਰੋਡ ਵਾਲੀ ਇਹ ਸੜਕ ਆਪਣਾ ਸਮਾਂ ਹੰਢਾਉਂਦੇ ਹੋਏ ਹੋਏ ਲਗਾਤਾਰ ਟੁੱਟਦੀ ਜਾ ਰਹੀ ਹੈ, ਜਿਸ 'ਤੇ ਪਏ ਡੂੰਘੇ-ਡੂੰਘੇ ਖ਼ਤਰਨਾਕ ਖੱਡੇ ਵਾਹਨਾਂ ਦਾ ਭਾਰੀ ਨੁਕਸਾਨ ਤਾਂ ਕਰ ਹੀ ਰਹੇ ਹਨ, ਨਾਲ ਹੀ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹਨ | ਕੁਝ ਮਹੀਨੇ ਪਹਿਲਾਂ ਇਸ ਪ੍ਰੋਜੈਕਟ ਤਹਿਤ ਉਕਤ ਮਾਰਗ ਦੇ ਦੋਵੇਂ ਪਾਸੇ ਸੜਕ ਦਾ ਵਿਸਥਾਰ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਪਰ ਜੰਗਲਾਤ ਵਿਭਾਗ ਨਾਲ ਸਬੰਧਤ ਐੱਨ. ਚ. ਸੀ. ਜਾਰੀ ਨਾ ਹੋਣ ਕਰਕੇ ਇਹ ਕੰਮ ਅੱਧ-ਵਿਚਾਲੇ ਹੀ ਰੁਕ ਗਿਆ | ਇਸ ਸੜਕ ਤੇ ਕੁਝ ਕੁ ਇਲਾਕੇ 'ਲੱਗੀਆਂ ਸਟਰੀਟ ਲਾਇਟਾਂ ਵੀ ਅਕਸਰ ਹੀ ਬੰਦ ਰਹਿੰਦੀਆਂ ਹਨ | ਇਸ ਸੰਬੰਧੀ ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਅੰਮਿ੍ਤਸਰ ਤਰਨ ਤਾਰਨ ਰੋਡ ਨੂੰ ਜਲਦ ਚਾਰ ਮਾਰਗੀ ਕੀਤਾ ਜਾਵੇ | ਇਸ ਸਬੰਧੀ ਐਕਸੀਅਨ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅੰਮਿ੍ਤਸਰ ਤਰਨ ਤਾਰਨ ਰੋਡ ਨੂੰ 4 ਮਾਰਗੀ ਕਰਨ ਲਈ ਸੰਬੰਧਤ ਵਿਭਾਗਾਂ ਪਾਸੋਂ ਐਨ. ਓ. ਸੀ. ਲੈਣ ਸੰਬੰਧੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੀ ਮਨਜੂਰੀ ਮਿਲਣ 'ਤੇ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ | ਇਸ ਸਬੰਧੀ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨਾਲ ਗੱਲ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਕਿਸੇ ਸਮਗਾਮ 'ਚ ਮਸ਼ਰੂਫ ਹੋਣ ਕਰਕੇ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ |