ਅੰਮਿ੍ਤਸਰ, 4 ਮਈ (ਰਾਜੇਸ਼ ਕੁਮਾਰ ਸ਼ਰਮਾ)-ਪੁਰਾਣੇ ਆਬਕਾਰੀ ਮਾਲੀਏ ਦੀ ਰਿਕਵਰੀ ਦੇ ਇਕ ਮਾਮਲੇ 'ਚ ਆਬਕਾਰੀ ਵਿਭਾਗ ਅੰਮਿ੍ਤਸਰ ਨੇ ਇਕ ਲਾਇਸੰਸ ਪ੍ਰਾਪਤ ਇਕ ਠੇਕੇਦਾਰ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ. ਚੀਮਾ ਸਹਾਇਕ ਕਮਿਸ਼ਨਰ (ਆਬਕਾਰੀ) ਅੰਮਿ੍ਤਸਰ ਰੇਂਜ ਅੰਮਿ੍ਤਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਟੈਕਸ ਚੋਰੀ ਖ਼ਿਲਾਫ਼ ਸਖ਼ਤ ਰੁਖ ਦੀ ਨੀਤੀ ਤਹਿਤ ਹਰਪਾਲ ਸਿੰਘ ਚੀਮਾ ਆਬਕਾਰੀ ਤੇ ਕਰ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਡੀ. ਕੇ. ਤਿਵਾੜੀ ਆਈ. ਏ. ਐੱਸ. ਵਧੀਕ ਮੁੱਖ ਸਕੱਤਰ ਆਬਕਾਰੀ ਪੰਜਾਬ, ਜਤਿੰਦਰ ਜੋਰਵਾਲ ਆਬਕਾਰੀ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੁਰਿੰਦਰ ਕੁਮਾਰ ਗਰਗ ਉਪ ਕਮਿਸ਼ਨਰ (ਆਬਕਾਰੀ), ਜਲੰਧਰ ਜ਼ੋਨ ਜਲੰਧਰ ਦੀ ਅਗਵਾਈ ਹੇਠ ਆਬਕਾਰੀ ਰੇਂਜ ਅੰਮਿ੍ਤਸਰ ਦੀ ਟੀਮ ਵਲੋਂ ਡਿਫਾਲਟਰ ਲਾਇਸੰਸੀ ਗੁਰਿੰਦਰ ਸਿੰਘ ਵਾਸੀ ਗਵਾਲ ਮੰਡੀ ਰਾਮ ਤੀਰਥ ਰੋਡ ਅੰਮਿ੍ਤਸਰ ਨੂੰ ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 69 (1) ਅਧੀਨ ਅੱਜ ਗਿ੍ਫਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕਰਨ ਵਾਲੀ ਟੀਮ ਦੀ ਅਗਵਾਈ ਇੰਦਰਜੀਤ ਸਿੰਘ ਸਹਿਜਰਾ ਆਬਕਾਰੀ ਅਫਸਰ ਤਰਨ ਤਾਰਨ, ਲਲਿਤ ਕੁਮਾਰ ਆਬਕਾਰੀ ਅਫ਼ਸਰ ਅੰਮਿ੍ਤਸਰ-1 ਅਤੇ 2 ਅਤੇ ਰਮਨ ਭਗਤ ਆਬਕਾਰੀ ਅਫਸਰ ਅੰਮਿ੍ਤਸਰ-3 ਵਲੋਂ ਕੀਤੀ ਗਈ | ਟੀਮ 'ਚ ਕਰਨ ਸ਼ਰਮਾ, ਰਾਮ ਮੂਰਤੀ, ਹਿਤੇਸ਼ ਪ੍ਰਭਾਕਰ ਅਤੇ ਸ੍ਰੀਮਤੀ ਜਗਦੀਪ ਕੌਰ (ਸਾਰੇ ਆਬਕਾਰੀ ਨਿਰੀਖਕ) ਵੀ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਪੰਜਾਬ ਪੁਰਾਣੇ ਆਬਕਾਰੀ ਮਾਲੀਏ ਦੀ ਰਿਕਵਰੀ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਰਿਕਵਰੀ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਜਿਸ ਵੀ ਲਾਇਸੰਸੀ ਦਾ ਬਕਾਇਆ ਆਬਕਾਰੀ ਮਾਲੀਆ ਲੰਬਿਤ ਹੈ, ਸਰਕਾਰੀ ਖਜਾਨੇ 'ਚ ਤੁਰੰਤ ਜਮ੍ਹਾਂ ਕਰਵਾਇਆ ਜਾਵੇ, ਅਜਿਹਾ ਨਾਂ ਕਰਨ ਦੀ ਸੂਰਤ 'ਚ ਆਉਣ ਵਾਲੇ ਦਿਨਾਂ 'ਚ ਹੋਰ ਵੀ ਗਿ੍ਫਤਾਰੀਆਂ ਕੀਤੀਆ ਜਾਣਗੀਆ ਅਤੇ ਮੁਕੱਦਮੇ ਦਰਜ ਕਰਵਾਏ ਜਾਣਗੇ |