ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਸ਼ਹਿਰ ਦੀ ਸੀਵਰੇਜ਼ ਪ੍ਰਣਾਲੀ ਨੂੰ ਵਧੇਰੇ ਦਰੁਸਤ ਬਣਾਉਣ ਤੇ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇਕ ਹੋਰ ਕਦਮ ਚੁੱਕਿਆ ਗਿਆ | ਉਨ੍ਹਾਂ ਵਲੋਂ ਫੇਸ-2 ਅਧੀਨ 1.41 ਕਰੋੜ ਦੀ ਲਾਗਤ ਨਾਲ ਖਰੀਦੀਆਂ ਗਈਆਂ ਨਵੀਆਂ ਵੈਕਿਮ-ਕਮ-ਜੈਟਿੰਗ ਮਸ਼ੀਨਾਂ (ਸੁਪਰ ਸੱਕਰ) ਦਾ ਉਦਘਾਟਨ ਕੀਤਾ ਗਿਆ | ਇਨ੍ਹਾਂ ਮਸ਼ੀਨਾਂ ਦੀ ਸਮਰੱਥਾ 6000 ਲੀਟਰ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਮੇਅਰ ਭਾਟੀਆ ਅਤੇ ਕਮਿਸ਼ਨਰ ਸ਼ੇਰਗਿੱਲ ਨੇ ਦੱਸਿਆ ਕਿ ਕੁੱਲ ਮਸ਼ੀਨਾਂ 'ਚੋਂ ਅੱਜ 2 ਮਸ਼ੀਨਾਂ ਦੀ ਡਿਲੀਵਰੀ ਪ੍ਰਾਪਤ ਕਰਕੇ ਉਨ੍ਹਾਂ ਨੂੰ ਸ਼ਹਿਰ ਦੀ ਸੇਵਾ ਲਈ ਰਵਾਨਾ ਕਰ ਦਿੱਤਾ ਗਿਆ ਹੈ, ਅਤੇ ਜੋ ਬਾਕੀ ਰਹਿੰਦੀ ਇਕ ਮਸ਼ੀਨ ਵੀ ਅਗਲੇ ਦਿਨਾਂ ਦੇ ਅੰਦਰ ਨਿਗਮ ਨੂੰ ਪ੍ਰਾਪਤ ਹੋ ਜਾਵੇਗੀ | ਮੇਅਰ ਤੇ ਕਮਿਸ਼ਨਰ ਨੇ ਮਸ਼ੀਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਕਿ ਇਹ ਮਸ਼ੀਨਾਂ ਸੀਵਰੇਜ਼ 'ਚ ਵੱਡੀ ਰੁਕਾਵਟ ਨੂੰ ਖੋਲ੍ਹਣ ਅਤੇ ਜਮ੍ਹਾਂ ਹੋਏ ਵਾਧੂ ਪਾਣੀ ਨੂੰ ਤੇਜ਼ੀ ਨਾਲ ਖਿੱਚ ਕੇ ਸਫਾਈ ਕਰਨ ਵਿਚ ਬੇਹੱਦ ਪ੍ਰਭਾਵਸ਼ਾਲੀ ਹਨ | ਇਨ੍ਹਾਂ ਦੀ ਵਰਤੋਂ ਨਾਲ ਸ਼ਹਿਰ ਦੇ ਤੰਗ ਅਤੇ ਮੁੱਖ ਸੀਵਰੇਜ ਪਾਈਪਾਂ ਦੀ ਸਫਾਈ ਹੁਣ ਵਧੇਰੇ ਸੁਚਾਰੂ ਢੰਗ ਨਾਲ ਹੋ ਸਕੇਗੀ | ਮੇਅਰ ਜਤਿੰਦਰ ਸਿੰਘ ਭਾਟੀਆ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਸੀਵਰੇਜ਼ ਸਬੰਧੀ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਨਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ | ਮੇਅਰ ਭਾਟੀਆ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਜ਼ਰੂਰਤ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਹੋਰ ਨਵੀਆਂ ਮਸ਼ੀਨਾਂ ਵੀ ਖ਼ਰੀਦੀਆਂ ਜਾਣਗੀਆਂ |