ਰਾਜਾਸਾਂਸੀ, 5 ਮਈ (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਦੇ ਸਮਾਜ ਸੇਵਕ ਵਿਸ਼ਾਲ ਸੇਠ ਦੀ ਧੀ ਰਾਣੀ ਤੇ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ ਦੀ ਹੋਣਹਾਰ ਵਿਦਿਆਰਥਣ ਅਕਸ਼ਿਤਾ ਸੇਠ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਕੁੱਲ 500 ਵਿਚੋਂ 487 ਅੰਕ ਪ੍ਰਾਪਤ ਕਰਦੇ ਹੋਏ 97.4 ਫ਼ੀਸਦੀ ਹਾਸਿਲ ਕੀਤੇ ਹਨ | ਇਹ ਪ੍ਰਦਰਸ਼ਨ ਨਾ ਸਿਰਫ਼ ਉਸਦੀ ਲਗਨ ਅਤੇ ਮਿਹਨਤ ਨੂੰ ਦਰਸਾਉਂਦਾ ਹੈ, ਸਗੋਂ ਸਕੂਲ ਅਤੇ ਅੰਮਿ੍ਤਸਰ ਜ਼ਿਲ੍ਹੇ ਸਮੇਤ ਰਾਜਾਸਾਂਸੀ ਸ਼ਹਿਰ ਤੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ | ਅਕਸ਼ਿਤਾ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਨਾਲ ਹੀ ਇਹ ਮੁਕਾਮ ਹਾਸਿਲ ਹੋ ਸਕਿਆ | ਉਨ੍ਹਾਂ ਕਿਹਾ ਕਿ ਨਿਯਮਿਤ ਪੜ੍ਹਾਈ, ਸਮੇਂ ਦੀ ਸਹੀ ਵਰਤੋਂ ਅਤੇ ਆਤਮ-ਵਿਸ਼ਵਾਸ ਨੇ ਉਸਦੀ ਇਸ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ ਹੈ | ਅਕਸ਼ਿਤਾ ਨੇ ਭਵਿੱਖ ਵਿਚ ਡਾਕਟਰ ਬਣਨ ਦਾ ਸੁਪਨਾ ਸਾਂਝਾ ਕਰਦਿਆਂ ਕਿਹਾ ਕਿ ਉਹ ਮਿਹਨਤ ਤੇ ਇਮਾਨਦਾਰੀ ਨਾਲ ਆਪਣੇ ਟੀਚੇ ਨੂੰ ਜਰੂਰ ਪੂਰਾ ਕਰੇਗੀ | ਇਸ ਦੌਰਾਨ ਸਕੂਲ ਦੇ ਪਿ੍ੰਸੀਪਲ ਨੇ ਅਕਸ਼ਿਤਾ ਦੀ ਇਸ ਸ਼ਾਨਦਾਰ ਉਪਲਬਧੀ ਲਈ ਉਸਨੂੰ ਦਿਲੋਂ ਵਧਾਈ ਦਿੱਤੀ ਤੇ ਕਿਹਾ ਕਿ ਅਕਸ਼ਿਤਾ ਵਰਗੇ ਵਿਦਿਆਰਥੀ ਹੋਰ ਬੱਚਿਆਂ ਲਈ ਪ੍ਰੇਰਣਾ ਸਰੋਤ ਹਨ | ਉਨ੍ਹਾਂ ਕਿਹਾ ਅਕਸ਼ਿਤਾ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ, ਸਗੋਂ ਪਰਿਵਾਰ ਵਿਚ ਵੀ ਖੁਸ਼ੀਆਂ ਦੀ ਲਹਿਰ ਦੌੜ ਰਹੀ ਹੈ | ਉਸਦੇ ਮਾਤਾ-ਪਿਤਾ ਵਿਸ਼ਾਲ ਸੇਠ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸਦੀ ਸਫ਼ਲਤਾ 'ਤੇ ਮਾਣ ਮਹਿਸੂਸ ਕੀਤਾ ਅਤੇ ਉਸਨੂੰ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |