ਅੰਮਿ੍ਤਸਰ, 6 ਮਈ (ਸੁਰਿੰਦਰ ਕੋਛੜ)-ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਦੀਆਂ ਗਲੀਆਂ ਸੜਕਾਂ 'ਚ ਬਿਜਲੀ ਦੇ ਖੰਭਿਆਂ 'ਤੇ ਲਟਕਦੇ ਤਾਰਾਂ ਦੇ ਜਾਲ ਲੋਕਾਂ ਦੇ ਸਿਰਾਂ ਨਾਲ ਟਕਰਾ ਰਹੇ ਹਨ ਅਤੇ ਉਨ੍ਹਾਂ ਦਾ ਬਾਜ਼ਾਰਾਂ 'ਚ ਚੱਲਣਾ ਫਿਰਣਾ ਮੁਸ਼ਕਲ ਹੋ ਗਿਆ ਹੈ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਢਿੱਲੀਆਂ ਤਾਰਾਂ ਲੋਕਾਂ ਲਈ ਮੁਸੀਬਤ ਦਾ ਕਾਰਨ ਬਣੀਆਂ ਹੋਈਆਂ ਹਨ, ਪਰ ਬਿਜਲੀ ਵਿਭਾਗ ਜਾਂ ਹੋਰ ਸੰਬੰਧਿਤ ਵਿਭਾਗ ਇਸ ਮਾਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਰ ਰਹੇ ਹਨ | ਸਥਾਨਕ ਕਟੜਾ ਸ਼ੇਰ ਸਿੰਘ, ਕਟੜਾ ਜੈਮਲ ਸਿੰਘ, ਗੁਰੂ ਬਾਜ਼ਾਰ, ਚੌਰਸਤੀ ਅਟਾਰੀ, ਕਟੜਾ ਦੂਲੋ, ਸ਼ਕਤੀ ਨਗਰ ਆਦਿ ਸਮੇਤ ਸੂਬੇ ਦੀ ਸਭ ਤੋਂ ਵੱਡੀ ਹੋਲ਼ ਸੇਲ ਦਵਾਈ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਲੀਆਂ ਅਤੇ ਸੜਕਾਂ 'ਤੇ ਬਿਜਲੀ ਦੇ ਖੰਭਿਆਂ 'ਤੇ ਲਟਕਦੀਆਂ ਖੁੱਲ੍ਹੀਆਂ ਬਿਜਲੀ ਦੀਆਂ ਤਾਰਾਂ ਆਮ ਲੋਕਾਂ ਅਤੇ ਰਾਹਗੀਰਾਂ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਖੰਭਿਆਂ 'ਤੇ ਲਟਕਦੀਆਂ ਤਾਰਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਕਿ ਕਿਹੜੀ ਤਾਰ ਕਿਸ ਦੇ ਘਰ, ਦੁਕਾਨ ਜਾਂ ਦਫ਼ਤਰ ਦੀ ਹੈ | ਸ਼ਹਿਰ ਦੇ ਦੁਕਾਨਦਾਰ ਬਿਜਲੀ ਵਿਭਾਗ ਕੋਲੋਂ ਖੇਤਰ 'ਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦਾ ਪ੍ਰਬੰਧ ਕਰਨ ਦੀ ਕਈ ਵਾਰ ਮੰਗ ਕਰ ਚੁਕੇ ਹਨ, ਪਰ ਇਸ ਪਾਸੇ ਅਜੇ ਤਕ ਕੋਈ ਧਿਆਨ ਨਹੀਂ ਦਿੱਤਾ ਗਿਆ | ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਜਨਰਲ ਸਕੱਤਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਦਵਾਈ ਮਾਰਕੀਟ 'ਚ 300 ਤੋਂ ਵਧੇਰੇ ਦੁਕਾਨਾਂ ਹਨ ਅਤੇ ਬਿਜਲੀ ਦੇ ਖੰਭਿਆਂ ਤੋਂ ਹੇਠਾਂ ਤਕ ਲਟਕ ਰਹੀਆਂ ਤਾਰਾਂ ਦਾ ਪਹਿਲ ਦੇ ਆਧਾਰ 'ਤੇ ਹਲ ਕੱਢਿਆ ਜਾਣਾ ਬੇਹੱਦ ਜ਼ਰੂਰੀ ਹੈ | ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਦੇਵਰਾਜ ਨੇ ਵੀ ਖੰਭਿਆਂ 'ਤੇ ਉਲਝੀਆਂ ਤਾਰਾਂ ਨੂੰ ਜਲਦੀ ਹਟਾਉਣ ਦੀ ਮੰਗ ਕੀਤੀ ਹੈ | ਸਮਾਜਿਕ ਕਾਰਕੁਨ ਨਰੇਸ਼ ਜੌਹਰ, ਇੰਜ. ਪਵਨ ਸ਼ਰਮਾ, ਬੀਬੀ ਦਰਸ਼ਨ ਪਾਲ ਕੌਰ ਰਾਮਗੜ੍ਹੀਆ ਦਾ ਕਹਿਣਾ ਹੈ ਕਿ ਅੰਦਰੂਨੀ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਅਤੇ ਗਲੀਆਂ 'ਚ ਬਿਜਲੀ ਦੀਆਂ ਤਾਰਾਂ ਘਰਾਂ, ਦੁਕਾਨਾਂ ਅਤੇ ਦਫ਼ਤਰਾਂ ਦੀਆਂ ਬਾਹਰੀ ਕੰਧਾਂ ਨਾਲ ਖਹਿ ਕੇ ਲੰਘ ਰਹੀਆਂ ਹਨ, ਜਿਸ ਕਾਰਨ ਅੱਗ ਲੱਗਣ ਜਾਂ ਕਰੰਟ ਲੱਗਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਬਿਜਲੀ ਵਿਭਾਗ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ, ਪਰ ਵਿਭਾਗ ਨੇ ਅਜੇ ਤੱਕ ਖੰਭਿਆਂ 'ਤੇ ਲਟਕਦੀਆਂ ਟੈਲੀਫ਼ੋਨ ਅਤੇ ਟੀ. ਵੀ. ਕੇਬਲ ਤਾਰਾਂ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਹੈ | ਜਿਸ ਨਾਲ ਜਦੋਂ ਵੀ ਮੀਂਹ ਹਨੇਰੀ ਆਉਂਦੀ ਹੈ ਤਾਂ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਘੰਟਿਆਂ ਬੱਧੀ ਹਨੇਰੇ ਵਿਚ ਰਹਿਣਾ ਪੈਂਦਾ ਹੈ |