ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਹੁਮਤ ਨਾਲ ਬਣਾਏ ਗਏ ਸਤਿਕਾਰ ਸੋਧ ਕਾਨੂੰਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਰਕਾਰ ਦਾ ਇਕ ਚੰਗਾ ਕਦਮ ਕਰਾਰ ਦਿੱਤਾ ਹੈ | ਭਾਈ ਜਰਨੈਲ ਸਿੰਘ ਸਖੀਰਾ ਵਲੋਂ ਜ਼ਾਰੀ ਬਿਆਨ ਅਨੁਸਾਰ ਇਸ ਸਤਿਕਾਰ ਸੋਧ ਐਕਟ ਨੂੰ ਲੈ ਕੇ ਪੈਦਾ ਹੋਏ ਕਈ ਤੌਖ਼ਲਿਆਂ ਸੰਬੰਧੀ ਭਾਈ ਮੰਡ ਵਲੋਂ ਪੰਜਾਬ ਸਰਕਾਰ ਨਾਲ ਸਦਭਾਵਨਾ ਭਰੇ ਮਾਹੌਲ ਵਿਚ ਗੱਲਬਾਤ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਰਕਾਰ ਨਾਲ ਇਸ ਮਾਮਲੇ 'ਤੇ ਵਿਚਾਰ ਵਟਾਂਦਰਾ ਕਰੇਗੀ | ਇਸ ਕਮੇਟੀ ਵਿਚ ਭਾਈ ਮੰਡਲ ਤੋਂ ਇਲਾਵਾ ਭਾਈ ਮੋਹਕਮ ਸਿੰਘ, ਭਾਈ ਜਰਨੈਲ ਸਿੰਘ ਸਖੀਰਾ, ਸਤਨਾਮਾ ਸਿੰਘ ਮੁਨਾਵਾਂ, ਐਡਵੋਕੇਟ ਗੁਰਮੀਤ ਸਿੰਘ ਪੱਟੀ, ਬੂਟਾ ਸਿੰਘ ਰਣਸ਼ੀਂਹ, ਭਾਈ ਗੁਰਦੀਪ ਸਿੰਘ ਬਠਿੰਡਾ ਤੇ ਪਰਮਜੀਤ ਸਿੰਘ ਸਲੋਲੀ ਸ਼ਾਮਿਲ ਹਨ | ਉਨਾਂ ਕਿਹਾ ਕਿ ਭਾਈ ਮੰਡ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਕਮੇਟੀ ਦੇ ਨਾਲ ਵਿਚਾਰ ਵਟਾਂਦਰਾ ਕਰਨ ਲਈ ਰੂਪ ਰੇਖਾ ਤਹਿ ਕਰਨੀ ਚਾਹੀਦੀ ਹੈ |