ਅੰਮਿ੍ਤਸਰ, 20 ਮਈ (ਜਸਵੰਤ ਸਿੰਘ ਜੱਸ)¸ਖ਼ਾਲਸਾ ਕਾਲਜ ਵਿਖੇ ਸਭਿਆਚਾਰਕ ਗਤੀਵਿਧੀਆਂ ਸਬੰਧੀ ਕਰਵਾਏ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸ਼ੋ੍ਰਮਣੀ ਪੰਜਾਬੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਸਮੇਤ ਹੋਰ ਕਲਾਕਾਰ ਵਿਦਿਆਰਥੀਆਂ ਅਤੇ ਕਲਾ ਜਗਤ ਨਾਲ ਸੰਬੰਧਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ ਗਿਆ ਤੇ ਇਨਾਮ ਤਕਸੀਮ ਕੀਤੇ ਗਏ | ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਸਨਮਾਨ ਸਮਾਗਮ ਵਿਚ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪਿ੍ੰ: ਡਾ: ਰੰਧਾਵਾ ਨਾਲ ਮਿਲ ਕੇ ਕਲਾਕਾਰ ਵਿਦਿਆਰਥੀਆਂ, ਉਨ੍ਹਾਂ ਦੇ ਸਲਾਹਕਾਰਾਂ ਅਤੇ ਕੋਚਾਂ ਨੂੰ ਇਨਾਮ ਸਨਮਾਨ ਤਕਸੀਮ ਕੀਤੇ | ਪਿ੍ੰ: ਡਾ. ਰੰਧਾਵਾ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਸਾਲ ਦੀ 'ਖ਼ਾਲਸਾ ਕਾਲਜ ਥੀਏਟਰ ਐਵਾਰਡ-2026' ਪ੍ਰਸਿੱਧ ਰੰਗਮੰਚ ਸ਼ਖ਼ਸੀਅਤ ਅਤੇ ਕਾਲਜ ਦੇ ਅਲੂਮਨੀ ਕੇਵਲ ਧਾਲੀਵਾਲ ਨੂੰ ਪ੍ਰਦਾਨ ਕੀਤਾ ਗਿਆ ਹੈ | ਜਦਕਿ 'ਖ਼ਾਲਸਾ ਕਾਲਜ ਲੋਕ ਕਲਾ ਪੁਰਸਕਾਰ-2026' ਕੈਨੇਡਾ 'ਚ ਪੰਜਾਬੀ ਲੋਕ ਵਿਰਾਸਤ ਦੀ ਸੇਵਾ ਕਰ ਰਹੇ ਹਰਨਾਮ ਸਿੰਘ ਨੂੰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਹਰ ਸਾਲ ਕਾਲਜ ਦੇ ਉੱਘੇ ਸਾਬਕਾ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਹਨ | ਮੁੱਖ ਮਹਿਮਾਨ ਕੁਲਵਿੰਦਰ ਸਿੰਘ ਨੇ ਕਾਲਜ ਵਿਦਿਆਰਥੀਆਂ ਦੀਆਂ ਉਪਲਬਧੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਕਾਲਜ ਦੇ ਯੁਵਕ ਭਲਾਈ ਡਾਇਰੈਕਟਰ ਡਾ. ਦਵਿੰਦਰ ਸਿੰਘ ਨੇ ਵਿਭਾਗ ਦੀ ਸਲਾਨਾ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਪਿ੍ੰ: ਡਾ. ਰੰਧਾਵਾ ਦੀ ਅਗਵਾਈ ਸਦਕਾ ਇਸ ਸਾਲ ਕਾਲਜ ਦੇ ਵਿਦਿਆਰਥੀਆਂ ਨੇ ਇਤਿਹਾਸਕ ਪ੍ਰਾਪਤੀ ਹਾਸਲ ਕਰਦਿਆਂ ਵੱਖ-ਵੱਖ ਯੂਨੀਵਰਸਿਟੀ ਅਤੇ ਅੰਤਰ ਕਾਲਜ ਯੁਵਕ ਮੇਲਿਆਂ 'ਚ ਓਵਰਆਲ ਚੈਂਪੀਅਨਸ਼ਿਪ ਅਤੇ ਈਵੈਂਟ ਟਰਾਫੀਆਂ ਜਿੱਤਣ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਕਾਲਜ ਨੇ ਏ. ਆਈ. ਯੂ. ਨੌਰਥ ਜ਼ੋਨ ਇੰਟਰ ਵਰਸਿਟੀ ਯੂਥ ਫੈਸਟੀਵਲ 'ਚ ਥੀਏਟਰ ਟਰਾਫੀ ਵੀ ਜਿੱਤੀ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਸ਼ਟਰੀ ਯੁਵਕ ਮੇਲੇ 'ਚ ਮਾਈਮ, ਲੋਕ ਨਾਚ ਅਤੇ ਮਿਮਿੱਕਰੀ 'ਚ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ | ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਡਾ. ਸੁਰਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਸ਼੍ਰੇਣੀਆਂ 'ਚ 171 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਕਾਲਜ ਨੇ 17 ਵਿਦਿਆਰਥੀਆਂ ਨੂੰ ਵਿਸ਼ੇਸ਼ ਯੋਗਦਾਨ ਸਬੰਧੀ 'ਕਾਲਜ ਕਲਰ' ਨਾਲ ਵੀ ਸਨਮਾਨਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ ਤੋਂ ਇਲਾਵਾ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |