ਅੰਮਿ੍ਤਸਰ, 20 ਮਈ (ਰਾਜੇਸ਼ ਕੁਮਾਰ ਸ਼ਰਮਾ)-ਆਲ ਇੰਡੀਆ ਬੀ. ਐੱਸ. ਐੱਨ. ਐੱਲ. ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅੰਮਿ੍ਤਸਰ ਵਲੋਂ ਐਲਬਰਟ ਰੋਡ 'ਤੇ ਬੀ. ਐੱਸ. ਐੱਨ. ਐੱਲ. ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਜਤਿੰਦਰ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਕਿਵੇਂ ਦੂਰਸੰਚਾਰ ਵਿਭਾਗ (ਡੀ.ਓ.ਟੀ.) ਜੋ ਕਿ ਪੈਨਸ਼ਨ ਨਿਯਮਾਂ 37ਏ ਅਨੁਸਾਰ ਆਈ. ਡੀ. ਏ. ਅਤੇ ਹੋਰ ਪੈਨਸ਼ਨਰੀ ਲਾਭਾਂ ਦੀ ਅਦਾਇਗੀ ਲਈ ਜ਼ਿੰਮੇਵਾਰ ਹੈ ਅਤੇ ਵਾਰ-ਵਾਰ ਮੀਟਿੰਗਾਂ ਦੇ ਬਾਵਜੂਦ 1.1.2026 ਅਤੇ 1.4.26 ਤੋਂ ਸੋਧੇ ਹੋਏ ਆਈ. ਡੀ. ਏ. ਦਾ ਭੁਗਤਾਨ ਨਹੀਂ ਕਰ ਰਿਹਾ ਹੈ | ਇਹ ਬਜ਼ੁਰਗ ਪੈਨਸ਼ਨਰਾਂ ਨੂੰ ਜਾਣ ਬੁਝ ਕੇ ਪ੍ਰੇਸ਼ਾਨ ਕਰਨ ਤੋਂ ਇਲਾਵਾ ਕੁਝ ਨਹੀਂ ਹੈ | ਉਨ੍ਹਾਂ ਨੇ ਡੀ.ਓ.ਟੀ. 'ਤੇ ਜ਼ੋਰ ਦਿੱਤਾ ਕਿ ਉਹ ਇਨ੍ਹਾਂ ਭੁਗਤਾਨਾਂ ਨੂੰ ਤੁਰੰਤ ਜਾਰੀ ਕਰਨ ਜਿਵੇਂ ਕਿ ਪਹਿਲਾਂ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਕਿ ਭਵਿੱਖ 'ਚ ਉਨ੍ਹਾਂ ਨਾਲ ਹੋਏ ਸਮਝੌਤੇ ਅਨੁਸਾਰ ਭੁਗਤਾਨ ਜਾਰੀ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ, ਆਰਗੇਨਾਈਜ਼ਿੰਗ ਸਕੱਤਰ ਜਸਬੀਰ ਸਿੰਘ ਅਤੇ ਵਿੱਤ ਸਕੱਤਰ ਐੱਮ.ਐੱਲ. ਗੁਪਤਾ ਨੇ ਵੀ ਉਮੀਦ ਪ੍ਰਗਟਾਈ ਕਿ ਭਵਿੱਖ 'ਚ ਉਨ੍ਹਾਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਮਜਬੂਰ ਨਾ ਕਰਦੇ ਹੋਏ ਡੀ. ਓ. ਟੀ. ਉਨ੍ਹਾਂ ਨਾਲ ਆਪਣੇ ਲਿਖਤੀ ਸਮਝੌਤੇ 'ਤੇ ਕਾਇਮ ਰਹੇਗਾ |