ਅੰਮਿ੍ਤਸਰ, 20 ਮਈ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਹੈ ਕਿ ਅਧਿਆਪਕ ਦਾ ਜਜ਼ਬਾ, ਵਚਨਬੱਧਤਾ ਤੇ ਤਿਆਰੀ ਹੀ ਤਕਨਾਲੋਜੀ ਅਤੇ ਉਪਲਬੱਧ ਸਰੋਤਾਂ ਦਾ ਸਭ ਤੋਂ ਵਧੀਆ ਢੰਗ ਨਾਲ ਉਪਯੋਗ ਯਕੀਨੀ ਬਣਾ ਸਕਦੀ ਹੈ | ਉਹ ਅੱਜ ਗੁਰੂ ਨਾਨਕ ਦੇੇਵ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਲੋਂ ਆਯੋਜਿਤ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਭੂਮਿਕਾ ਆਰਟੀਫੀਸ਼ੀਅਲ ਇੰਟੈਲੀਜੈੈਂਸ ਦੇ ਯੁੱਗ 'ਚ ਵੀ ਸਾਰਥਕ ਹੈ ਅਤੇ ਅਧਿਆਪਕ ਹੀ ਸਮਾਜ ਅਤੇ ਰਾਸ਼ਟਰ ਦੇ ਅਸਲ ਨਿਰਮਾਤਾ ਹਨ | ਉਨ੍ਹਾਂ ਨਵੇਂ ਅਧਿਆਪਕਾਂ ਨੂੰ ਚੰਗੇ ਅਧਿਆਪਕ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਰਥਪੂਰਨ ਤੇ ਸਮਾਜ-ਉਪਯੋਗੀ ਖੋਜ ਰਾਹੀਂ ਹੀ ਨਵੀਨਤਾ ਅਤੇ ਉਤਮਤਾ ਨੂੰ ਮਜ਼ਬੂਤੀ ਮਿਲ ਸਕਦੀ ਹੈ | ਉਨ੍ਹਾਂ ਕਿਹਾ ਕਿ ਮੁੱਲ, ਨੈਤਿਕਤਾ ਅਤੇ ਇਮਾਨਦਾਰੀ ਸਿੱਖਿਆ ਦੀ ਮੂਲ ਆਧਾਰਸ਼ਿਲਾ ਹਨ ਅਤੇ ਜੇਕਰ ਸਿੱਖਿਆ 'ਚ ਨੈਤਿਕਤਾ ਨਾਲ ਸਮਝੌਤਾ ਹੋ ਜਾਵੇ ਤਾਂ ਉਹ ਆਪਣਾ ਅਸਲ ਮਕਸਦ ਪੂਰਾ ਨਹੀਂ ਕਰ ਸਕਦੀ | ਉਨ੍ਹਾਂ ਮਨੁੱਖਤਾ ਅਤੇ ਮਾਨਵੀ ਮੁੱਲਾਂ ਨੂੰ ਅਪਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ | ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਧਿਆਪਕ ਆਪਣੇ ਆਪ 'ਚ ਇਕ ਮਹੱਤਵਪੂਰਨ ਸਰੋਤ ਹੁੰਦੇ ਹਨ ਤੇ ਉਨ੍ਹਾਂ ਨੂੰ ਉਪਲਬਧ ਸਾਧਨਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ | ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਰੇਖਾ ਹਾਂਡਾ ਨੇ ਮਾਲਵੀਆ ਮਿਸ਼ਨ ਸਿਖਲਾਈ ਦੇ ਉਦੇਸ਼ਾਂ ਅਤੇ ਕੇਂਦਰ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕੇਂਦਰ ਦੀ ਕਾਰਗੁਜ਼ਾਰੀ, ਬੁਨਿਆਦੀ ਢਾਂਚੇ ਅਤੇ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ | ਕੋਰਸ ਕੋਆਰਡੀਨੇਟਰ ਡਾ. ਵਰਿੰਦਰ ਕੌਰ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਤੇ ਅਰਥਪੂਰਨ ਸਿੱਖਣ ਅਨੁਭਵ ਦਾ ਭਰੋਸਾ ਦਿਵਾਇਆ | ਪ੍ਰੋਗਰਾਮ ਦੇ ਕੋ-ਕੋਆਰਡੀਨੇਟਰ ਡਾ. ਰੂਪਨ ਢਿੱਲੋਂ ਨੇ ਸਮੂਹ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਭਾਗੀਦਾਰਾਂ ਨੂੰ ਪ੍ਰੋਗਰਾਮ ਦੀ ਰੂਪ-ਰੇਖਾ, ਸੈਸ਼ਨਾਂ ਤੇ ਮੁਲਾਂਕਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣੰੂ ਕਰਵਾਇਆ | ਸਮਾਗਮ ਦੇ ਅਖ਼ੀਰ 'ਚ ਉਨ੍ਹਾਂ ਉਪ ਕੁਲਪਤੀ, ਮਹਿਮਾਨਾਂ ਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |