ਅੰਮਿ੍ਤਸਰ, 23 ਮਈ (ਰੇਸ਼ਮ ਸਿੰਘ)-ਇੱਥੇ ਥਾਣਾ ਬੀ. ਡਵੀਜ਼ਨ ਦੇ ਖੇਤਰ ਚੌਂਕ ਕਰੌੜੀ ਬੈਕ ਸਾਈਡ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਗਲੀ 'ਚ ਗੇਟ ਕੱਢਣ ਨੂੰ ਲੈ ਕੇ ਹੋਏ ਝਗੜੇ 'ਚ ਦੋ ਧਿਰਾਂ ਦੀ ਲੜਾਈ ਹੋ ਗਈ ਜਿਸ 'ਚ ਗੋਲੀ ਚੱਲਣ ਦੀ ਘਟਨਾ ਵੀ ਵਾਪਰੀ ਹੈ ਹਾਲਾਂ ਕਿ ਗੋਲੀ ਲੱਗਣ ਨਾਲ ਕੋਈ ਵੀ ਵਿਅਕਤੀ ਜ਼ਖ਼ਮੀਂ ਨਹੀਂ ਹੋਇਆ ਹੈ | ਇਹ ਘਟਨਾ ਅੱਜ ਸ਼ਾਮ ਦੀ ਹੈ ਜਦੋਂ ਕਿ ਕਰੋੜੀ ਚੌਂਕ ਇਲਾਕੇ ਵਿਚ ਇਕ ਬੰਦ ਗਲੀ ਵਿਚੋਂ ਦਰਵਾਜ਼ਾ ਕੱਢਣ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅਪੂਰਨ ਝੜਪ ਹੋ ਗਈ | ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਇਕ ਧਿਰ ਦੇ ਵਿਅਕਤੀ ਵਲੋਂ ਆਪਣੇ ਬਚਾਅ ਲਈ ਹਵਾ ਵਿਚ ਫਾਇਰ ਵੀ ਕੀਤੇ | ਇਕ ਧਿਰ ਨੇ ਦੋਸ਼ ਲਾਇਆ ਕਿ ਗਲੀ ਕਰੀਬ 100 ਸਾਲ ਪੁਰਾਣੀ ਹੈ ਅਤੇ ਇਹ ਹਮੇਸ਼ਾਂ ਤੋਂ ਬੰਦ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਹਮਣੇ ਵਾਲੇ ਪੱਖ ਨੇ ਹਾਲ ਹੀ ਵਿਚ ਇਕ ਮਕਾਨ ਖ਼ਰੀਦਿਆ ਅਤੇ ਬੰਦ ਕੰਧ ਨੂੰ ਤੋੜ ਕੇ ਗਲੀ ਵੱਲ ਦਰਵਾਜ਼ਾ ਕੱਢਣ ਦੀ ਕੋਸ਼ਿਸ਼ ਕੀਤੀ | ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ਾਂਤੀਪੂਰਨ ਢੰਗ ਨਾਲ ਇਸ ਦਾ ਵਿਰੋਧ ਕੀਤਾ ਅਤੇ ਸਿਰਫ ਇਹ ਮੰਗ ਕੀਤੀ ਕਿ ਜੇ ਦਰਵਾਜ਼ਾ ਕੱਢਣਾ ਹੈ ਤਾਂ ਆਪਣੇ ਨਿੱਜੀ ਹਿੱਸੇ ਵਲੋਂ ਕੱਢਿਆ ਜਾਵੇ ਨਾ ਕਿ ਸਾਂਝੇ ਲਾਂਘੇ ਤੋਂ | ਇਸ ਤੋਂ ਬਾਅਦ ਦੂਜੇ ਪੱਖ ਵਲੋਂ ਕੁਝ ਵਿਅਕਤੀਆਂ ਅਤੇ ਨਿਹੰਗ ਸਿੰਘਾਂ ਨੂੰ ਬੁਲਾਇਆ ਗਿਆ ਅਤੇ ਮੁੜ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਗਈ | ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਅਤੇ ਧੱਕਾ-ਮੁੱਕੀ ਹੋਈ | ਥਾਣਾ ਬੀ ਡਿਵੀਜ਼ਨ ਦੇ ਐੱਸ. ਐੱਚ. ਓ. ਇੰਸ: ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ | ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ |
ਬੀ. ਡਵੀਜ਼ਨ ਖੇਤਰ 'ਚ ਗਲੀ 'ਚ ਗੇਟ ਕੱਢਣ ਨੂੰ ਲੈ ਕੇ ਹੋਏ ਝਗੜੇ 'ਚ ਗੋਲੀ ਚੱਲੀ <br/>
ਅਜੀਤ ਡੈਸਕ
24-05-2026