ਅੰਮਿ੍ਤਸਰ, 27 ਮਈ (ਹਰਮਿੰਦਰ ਸਿੰਘ)-'ਘੜਾ' ਦੋ ਲਫ਼ਜ਼ਾਂ ਦਾ ਛੋਟਾ ਜਿਹਾ ਅੱਖਰ ਹੈ, ਪਰ ਇਹ ਪੰਜਾਬੀ ਲੋਕ ਜੀਵਨ ਅਤੇ ਸੱਭਿਆਚਾਰ ਦਾ ਇਕ ਮਹੱਤਵ ਪੂਰਨ ਪ੍ਰਤੀਕ ਹੈ | ਪੁਰਾਣੇ ਸਮਿਆਂ 'ਚ ਲਗਪਗ ਹਰ ਪੰਜਾਬੀ ਦੇ ਘਰ 'ਚ ਮਿੱਟੀ ਦਾ ਘੜਾ ਹੁੰਦਾ ਸੀ, ਇਹ ਪਾਣੀ ਰੱਖਣ ਦਾ ਬਰਤਨ ਨਹੀਂ ਸੀ ਸਗੋਂ ਪੰਜਾਬ ਦੀ ਸਾਦਗੀ ਕੁਦਰਤ ਨਾਲ ਜੁੜਿਆ ਤੇ ਲੋਕ ਵਿਰਾਸਤ ਦਾ ਚਿੰਨ੍ਹ ਵੀ ਸੀ | ਘੜੇ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ 'ਚ ਹੋਇਆ ਅਤੇ 'ਸੋਹਣੀ ਮਹੀਵਾਲ' ਦਾ ਕਿੱਸਾ ਵੀ ਇਸ ਦੇ ਦੁਆਲੇ ਘੁੰਮਦਾ ਹੈ | ਪਿਛਲੇ ਤਿੰਨ ਕੁ ਦਹਾਕੇ ਪਹਿਲੇ ਤੋਂ ਜਦੋਂ ਮੱਧ ਵਰਗੀ ਲੋਕਾਂ ਦਾ ਰੁਝਾਨ ਫ਼ਰਿੱਜਾਂ ਵੱਲ ਹੋਇਆ ਤਾਂ ਉਸ ਵੇਲੇ ਘੜੇ ਨੂੰ ਗ਼ਰੀਬਾਂ ਵਲੋਂ ਫ਼ਰਿੱਜ ਵਜੋਂ ਵਰਤਿਆ ਅਤੇ ਇਸ 'ਚ ਠੰਢਾ ਹੋਏ ਪਾਣੀ ਨਾਲ ਆਪਣੀ ਪਿਆਸ ਬੁਝਾਉਂਦੇ ਰਹੇ, ਪਰ ਅੱਜ ਇਹ ਘੜਾ ਕੇਵਲ ਗ਼ਰੀਬਾਂ ਦਾ ਫ਼ਰਿੱਜ ਨਾ ਰਹਿ ਕੇ ਅਮੀਰਾਂ ਦਾ ਕੁਦਰਤੀ ਵਸਤਾਂ ਵੱਲ ਵਧੇ ਰਹੇ ਰੁਝਾਨ ਦਾ ਇਕ ਹਿੱਸਾ ਬਣ ਗਿਆ ਹੈ | ਘੜੇ ਬਣਾਉਣ ਦੀ ਕਲਾ ਪਰਜਾਪਤ ਭਾਈਚਾਰੇ ਦੀ ਪ੍ਰਾਚੀਨ ਕਲਾ ਹੈ | ਜਿਨ੍ਹਾਂ 'ਤੇ ਕੀਤੇ ਜਾਣ ਵਾਲੀ ਨਕਸ਼ਕਾਰੀ ਲੋਕ ਕਲਾ ਦਾ ਨਮੂਨਾ ਵੀ ਹੈ | ਹੁਣ ਪੰਜਾਬ ਦੀ ਮਿੱਟੀ ਦੇ ਬਰਤਨ ਬਣਾਉਣ ਦੇ ਅਨੁਕੂਲ ਹੈ | ਅੰਮਿ੍ਤਸਰ ਦੇ ਬਣੇ ਘੜੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ, ਜੰਮੂ ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਬਣਦੇ ਹਨ | ਅਜੋਕੇ ਭੱਜ ਦੌੜ ਭਰੀ ਜ਼ਿੰਦਗੀ ਦੌਰਾਨ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੇ ਇਕ ਵਾਰ ਮੁੜ ਕੁਦਰਤੀ ਵਸਤੂਆਂ ਵੱਲ ਮੂੰਹ ਮੋੜ ਲਿਆ ਹੈ ਅਤੇ ਆਪਣੇ ਖਾਣ ਪੀਣ ਦੀਆਂ ਵਸਤਾਂ 'ਚ ਵਿਰਾਸਤੀ ਵਸਤਾਂ ਨੂੰ ਸ਼ਾਮਿਲ ਕਰ ਲਿਆ ਹੈ | ਕਣਕ ਦੀ ਜਗ੍ਹਾ ਕੋਧਰਾ, ਬਾਜ਼ਰਾ, ਜੌਂ, ਮੱਕੀ ਅਤੇ ਹੋਰ ਮਿਨਰਲ ਰੋਟੀ 'ਚ ਸ਼ਾਮਿਲ ਕੀਤੇ ਜਾਣ ਲੱਗ ਪਏ | ਖੰਡ ਦੀ ਜਗ੍ਹਾ ਗੁੜ ਅਤੇ ਸ਼ੱਕਰ ਦਾ ਇਸਤੇਮਾਲ ਕੀਤੇ ਜਾਣ ਲੱਗ ਪਏ ਹਨ | ਹਾਈ ਸ਼ੇ੍ਰਣੀ ਦੇ ਲੋਕਾਂ ਵਲੋਂ ਪੀਣ ਲਈ 20 ਰੁਪਏ ਤੋਂ 150 ਰੁਪਏ ਲੀਟਰ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਜਾ ਰਹੀ ਹੈ ਪਰ ਆਮ ਲੋਕਾਂ ਵਲੋਂ ਘੜੇ ਦੇ ਪਾਣੀ ਨੂੰ ਸਾਫ਼ ਕਰਨ ਦਾ ਕੁਦਰਤੀ ਸਰੋਤ ਮੰਨ ਕੇ ਘੜੇ ਦਾ ਪਾਣੀ ਪੀਣ ਨੂੰ ਤਰਜੀਹ ਦਿੱਤੇ ਜਾਣ ਲੱਗ ਪਈ ਹੈ | ਦੱਸਿਆ ਜਾਂਦਾ ਹੈ ਕਿ ਮਿੱਟੀ ਦੇ ਘੜੇ ਦੀ ਕੁਦਰਤ ਨਾਲ ਕੁਦਰਤੀ ਸਾਂਝ ਹੈ ਜੋ ਵਾਤਾਵਰਨ ਦੇ ਅਨੁਕੂਲ ਹੈ | ਅਜੋਕੇ ਸਮੇਂ ਬਾਜ਼ਾਰ ਵਿਚ ਘੜਿਆਂ ਦੀ ਮੰਗ ਬਹੁਤ ਵੱਧ ਗਈ ਹੈ | ਕਿਸੇ ਸਮੇਂ ਫ਼ਰਿੱਜਾਂ ਅਤੇ 'ਵਾਟਰ ਕੂਲਰਾਂ' ਦੇ ਲਤਾੜੇ ਮਿੱਟੀ ਦੇ ਘੜਿਆਂ ਨੇ ਹੁਣ 'ਵਾਟਰ ਕੂਲਰ' ਨੂੰ ਪਛਾੜ ਕੇ ਆਪਣੀ ਮੁੜ ਸਰਦਾਰੀ ਕਾਇਮ ਕਰ ਲਈ ਹੈ | ਅਜੋਕੇ ਸਮੇਂ ਟੂਟੀਆਂ ਵਾਲੇ ਘੜੇ ਬਾਜ਼ਾਰ ਵਿਚ ਧੜੱਲੇ ਨਾਲ ਵਿਕ ਰਹੇ ਹਨ | ਫ਼ਰਿੱਜਾਂ ਵਾਲਿਆਂ ਵਲੋਂ ਵੀ ਮਿੱਟੀ ਦੇ ਘੜੇ 'ਚ ਕੁਦਰਤੀ ਤੌਰ 'ਤੇ ਠੰਢੇ ਹੋਏ ਪਾਣੀ ਨੂੰ ਪੀਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ | ਘੜਿਆਂ ਦੀ ਲਗਾਤਾਰ ਵੱਧ ਰਹੀ ਮੰਗ ਦੇ ਕਾਰਨ ਹੁਣ ਜਗ੍ਹਾ ਜਗ੍ਹਾ 'ਤੇ ਮਿੱਟੀ ਦੇ ਘੜੇ ਵੇਚਣ ਵਾਲੇ ਦੁਕਾਨਾਂ ਸਜਾ ਕੇ ਬੈਠੇ ਹਨ |