ਮਜੀਠਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ’ਤੇ ਲਗਾਈ ਮੋਹਰ-ਤਲਬੀਰ ਸਿੰਘ ਗਿੱਲ ਕਿਹਾ, ਨਵਾਂ ਦੌਰ ਮਜੀਠਾ ਦੇ ਵਿਕਾਸ, ਪਾਰਦਰਸ਼ਤਾ ਤੇ ਲੋਕ ਭਲਾਈ ਲਈ ਸਾਬਤ ਹੋਵੇਗਾ ਮੀਲ ਪੱਥਰ
ਅਜੀਤ ਡੈਸਕ
31-05-2026
ਅੰਮ੍ਰਿਤਸਰ, 30 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਭਾਵੇਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਮੂਹ ਸਿਆਸੀ ਪਾਰਟੀਆਂ ਨੇ ਇਕਜੁੱਟ ਹੋ ਕੇ ਚੋਣਾਂ ਲੜੀਆਂ ਪਰ ਮਜੀਠਾ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਂਹਵਧੂ ਸੋਚ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਤੇ ਮੋਹਰ ਲਗਾਉਂਦੇ ਹੋਏ ਵੱਡੀ ਜਿੱਤ ਦਰਜ ਕਰਵਾਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਜੇਤੂ ਉਮੀਦਵਾਰਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ 20 ਸਾਲਾਂ ਬਾਅਦ ਉਨ੍ਹਾਂ ਨੇ ਪੁਰਾਣੀ ਸਿਆਸਤ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਨੀਤੀਆਂ ਤੋਂ ਮੁਕਤੀ ਪਾ ਕੇ ਬਦਲਾਅ ਦੇ ਹੱਕ ‘ਚ ਫ਼ੈਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 13 ਵਾਰਡਾਂ ਵਿਚੋਂ 7 ਵਾਰਡਾਂ ਵਿਚ ਪਾਰਟੀ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕ ਬਦਲਾਅ ਅਤੇ ਵਿਕਾਸ ਦੀ ਰਾਜਨੀਤੀ ਨੂੰ ਸਮਰਥਨ ਦੇ ਰਹੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਵਲੋਂ ਲਗਾਏ ਜਾ ਰਹੇ ਧਾਂਦਲੀ ਅਤੇ ਗੜਬੜੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੂਰੀ ਚੋਣ ਪ੍ਰਕਿਰਿਆ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਅਤੇ ਹਾਈ ਕੋਰਟ ਵਲੋਂ ਨਿਯੁਕਤ ਆਬਜ਼ਰਵਰਾਂ ਦੀ ਮੌਜੂਦਗੀ ‘ਚ ਪੂਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਰਟੀ ਕੋਲ ਕੋਈ ਸਬੂਤ ਹੈ ਤਾਂ ਉਹ ਸੰਬੰਧਿਤ ਅਧਿਕਾਰੀਆਂ ਕੋਲ ਪੇਸ਼ ਕਰੇ ਪਰ ਬਿਨ੍ਹਾਂ ਤੱਥਾਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਠੀਕ ਨਹੀਂ ਹੈ। ਗਿੱਲ ਨੇ ਕਿਹਾ ਕਿ ਕੁਝ ਲੋਕ ਚੋਣ ਨਤੀਜਿਆਂ ਨੂੰ ਹਜ਼ਮ ਨਹੀਂ ਕਰ ਸਕੇ ਅਤੇ ਇਸ ਕਰਕੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠਾ ਦੇ ਲੋਕਾਂ ਨੇ ਲੰਬੇ ਸਮੇਂ ਤੋਂ ਚੱਲ ਰਹੀ ਇਕਤਰਫ਼ਾ ਸਿਆਸਤ ਨੂੰ ਨਕਾਰਦਿਆਂ ਨਵੀਂ ਸੋਚ ਅਤੇ ਨਵੀਂ ਰਾਜਨੀਤੀ ਨੂੰ ਮੌਕਾ ਦਿੱਤਾ ਹੈ। ਗਿੱਲ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਅਤੇ ਮਜੀਠਾ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੁਣੇ ਗਏ ਨੁਮਾਇੰਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਮਜੀਠਾ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹ ਨਵਾਂ ਦੌਰ ਮਜੀਠਾ ਦੇ ਵਿਕਾਸ, ਪਾਰਦਰਸ਼ਤਾ ਅਤੇ ਲੋਕ ਭਲਾਈ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਮਜੀਠਾ ਹਲਕੇ ਦੇ ਸੂਝਵਾਨ ਵੋਟਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸਮੂਹ ਵਿਰੋਧੀਆ ਦੇ ਇਕੱਠੇ ਹੋਣ ਦੇ ਬਾਵਜੂਦ ਵੀ 7 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ। ਉਨ੍ਹਾਂ ਕਿਹਾ ਕਿ ਜਲਦ ਹੀ ਮਜੀਠਾ ਨਗਰ ਕੌਂਸਲ ਨੂੰ ਆਮ ਆਦਮੀ ਪਾਰਟੀ ਦਾ ਨਵਾਂ ਪ੍ਰਧਾਨ ਮਿਲੇਗਾ। ਇਸ ਦੌਰਾਨ ਨਗਰ ਕੌਂਸਲ ਮਜੀਠਾ ਦੀ ਵਾਰਡ ਨੰਬਰ 1 ਤੋਂ ਪੂਨਮ, ਵਾਰਡ ਨੰਬਰ 3 ਤੋਂ ਸੁਖਮੀਤ ਕੌਰ, ਵਾਰਡ ਨੰਬਰ 6 ਤੋਂ ਉਧੇ ਸਿੰਘ ਸ਼ਾਹ, ਵਾਰਡ ਨੰਬਰ 7 ਤੋਂ ਨਿਸ਼ਾ ਵਰਮਾ, ਵਾਰਡ ਨੰਬਰ 9 ਤੋਂ ਬਿਮਲਾ ਵੰਤੀ, ਵਾਰਡ ਨੰਬਰ 10 ਤੋਂ ਹਰਵਿੰਦਰ ਸੋਨੂੰ ਅਤੇ ਵਾਰਡ ਨੰਬਰ 13 ਤੋਂ ਰੂਪਾ ਨੇ ਜਿੱਤ ਹਾਸਿਲ ਕੀਤੀ। ਇਸ ਮੌਕੇ ਸਤਿੰਦਰਜੀਤ ਸਿੰਘ ਸ਼ਾਹ, ਪਰਮਜੀਤ ਸਿੰਘ ਪੰਮਾ, ਜੈ ਮਹਾਜਨ, ਨੀਰਜ ਸ਼ਰਮਾ, ਅਮਰਜੀਤ ਸਿੰਘ, ਪ੍ਰਵੀਨ ਕੁਮਾਰ ਪਿੰਕਾ, ਸੁੱਚਾ ਸਿੰਘ, ਸ਼ਿਵਰਾਜ ਸਿੰਘ, ਕੋਮਲ ਵਰਮਾ, ਬਲਬੀਰ ਸਿੰਘ, ਪ੍ਰਦੀਪ ਸਿੰਘ, ਰਮਨ ਕੁਮਾਰ, ਮੋਹਨ ਨੰਦਾ, ਬਲਵਿੰਦਰ ਸਿੰਘ, ਬਿੱਟੂ ਪ੍ਰਧਾਨ, ਅਜਾਦ ਸਿੰਘ ਹੈਪੀ, ਨਵੀਨ ਮਹਾਜਨ ਆਦਿ ਹਾਜ਼ਰ ਸਨ।