ਅੰਮ੍ਰਿਤਸਰ, 30 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਗਰਾਨ ਮੁਖਤਾਰ ਸਿੰਘ ਅੱਜ ਸੇਵਾ-ਮੁਕਤ ਹੋ ਗਏ।ਇਸ ਮੌਕੇ ਉਨ੍ਹਾਂ ਦੇ ਸਨਮਾਨ ‘ਚ ਇਕ ਵਿਦਾਇਗੀ ਸਮਾਗਮ ਕਰਵਾਇਆ ਗਿਆ, ਜਿਸ ‘ਚ ਯੂਨੀਵਰਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ, ਪ੍ਰੋ. ਇੰਚਾਰਜ ਡਾ. ਕਮਲੇਸ਼ ਗੁਲੇਰੀਆ, ਸੁਖਦੇਵ ਰਾਜ ਸੂਰੀ, ਸਹਾਇਕ ਰਜਿਸਟਰਾਰ ਪ੍ਰੀਖਿਆ ਸ਼ਾਖਾ-1, ਸਹਾਇਕ ਰਜਿਸਟਰਾਰ ਮੁੜ-ਮੁਲਾਂਕਣ, ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ, ਸਕੱਤਰ ਰਜਿੰਦਰ ਸਿੰਘ, ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਅਤੇ ਸਕੱਤਰ ਸੰਦੀਪ ਸੂਦ ਤੋਂ ਇਲਾਵਾ ਵੱਖ-ਵੱਖ ਸ਼ਾਖਾਵਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਹਾਜ਼ਰੀ ਲਗਵਾਈ।ਸਮਾਗਮ ਦੌਰਾਨ ਬੋਲਦਿਆਂ ਪ੍ਰਧਾਨ ਹਰਦੀਪ ਸਿੰਘ ਨਾਗਰਾ ਨੇ ਮੁਖਤਾਰ ਸਿੰਘ ਦੀਆਂ ਯੂਨੀਵਰਸਿਟੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ, ਮਿਹਨਤ ਅਤੇ ਮਿਲਣਸਾਰ ਸੁਭਾਵ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਮੁਖਤਾਰ ਸਿੰਘ ਨੇ ਆਪਣੀ ਡਿਊਟੀ ਨੂੰ ਹਮੇਸ਼ਾਂ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਇਆ ਅਤੇ ਆਪਣੇ ਸਹਿਕਰਮੀਆਂ ਨਾਲ ਚੰਗੇ ਸੰਬੰਧ ਬਣਾਈ ਰੱਖੇ।ਇਸ ਮੌਕੇ ਮੁਖਤਾਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਚੰਗੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।