ਸਹਾਰਾ ਸੇਵਾ ਸੁਸਾਇਟੀ ਭੋਏਵਾਲ ਨੇ 21 ਸਾਲ ਬਾਅਦ ਯੂ. ਪੀ. ਦੇ ਪਰਿਵਾਰ ਨੂੰ ਮਿਲਾਇਆ ਵਿਛੜਿਆ ਮੈਂਬਰ <br/>
ਅਜੀਤ ਡੈਸਕ
08-06-2026
ਇਧਰ ਮਹਿਤਾ ਚੌਂਕ ਦੇ ਨਜ਼ਦੀਕ ਪੈਂਦੇ ਪਿੰਡ ਭੋਏਵਾਲ ਵਿਚ ਹਰਪ੍ਰੀਤ ਸਿੰਘ ਜੋ ਕਿ ਪੁਲਿਸ ਮੁਲਾਜ਼ਮ ਹੈ ਅਤੇ ਮਨ ਵਿਚ ਲੋੜਵੰਦਾਂ ਵਾਸਤੇ ਬੜਾ ਦਰਦ ਰੱਖਦਾ ਹੈ | ਉਸਨੇ ਆਪਣੇ ਪਿੰਡ ਵਿਚ ਹੀ ਇਕ ਸਹਾਰਾ ਅਨਾਥ ਆਸ਼ਰਮ ਬਣਾ ਰੱਖਿਆ ਹੈ | ਜਿੱਥੇ 130 ਤੋਂ ਉੱਪਰ ਅਜਿਹੇ ਲੋਕ ਜਿਨਾਂ ਨੂੰ ਜਾਂ ਤਾਂ ਘਰਾਂ ਤੋਂ ਕੱਢ ਦਿੱਤਾ ਗਿਆ ਹੈ ਅਤੇ ਜਾਂ ਉਨਾਂ ਨੂੰ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਆਪਣੇ ਘਰ ਬਾਰ ਦਾ ਪਤਾ ਹੀ ਨਹੀਂ ਹੈ, ਆਸ਼ਰਮ ਵਿਚ ਰੱਖ ਕੇ ਉਨਾਂ ਦੀ ਦੇਖਭਾਲ, ਦਵਾ ਦਾਰੂ ਵਗੈਰਾ ਕੀਤਾ ਜਾਂਦਾ ਹੈ | ਪਿਛਲੇ ਹਫਤੇ ਜਦ ਹਰਪ੍ਰੀਤ ਸਿੰਘ ਨੂੰ ਇਸ ਵਿਅਕਤੀ ਬਾਰੇ ਪਤਾ ਚੱਲਿਆ ਕਿ ਨਹਿਰ ਦੇ ਕੰਢੇ ਤੇ ਇਕ ਅਣਜਾਣ ਆਦਮੀ ਘੁੰਮ ਰਿਹਾ ਹੈ ਉਸਨੇ ਉਸ ਨੂੰ ਉਥੋਂ ਆਪਣੇ ਆਸ਼ਰਮ ਵਿਚ ਲੈ ਆਂਦਾ | ਉਸ ਦਾ ਇਲਾਜ ਕਰਵਾ ਕੇ ਜਦ ਪੁੱਛਗਿਛ ਕੀਤੀ ਤਾਂ ਉਸਨੇ ਆਪਣਾ ਪਿੰਡ ਵਗੈਰਾ ਦਾ ਨਾਂ ਦੱਸ ਦਿੱਤਾ | ਹਰਪ੍ਰੀਤ ਸਿੰਘ ਨੇ ਆਪਣੇ ਨੈਟਵਰਕ ਰਾਹੀਂ ਉਸ ਪਿੰਡ ਦਾ ਪਤਾ ਕਰਵਾ ਲਿਆ ਅਤੇ ਜਦ ਉਸ ਦੇ ਸਾਥੀਆਂ ਨੇ ਪਿੰਡ ਵਿੱਚ ਸੰਪਰਕ ਕੀਤਾ ਤਾਂ ਪਤਾ ਲੱਗ ਗਿਆ ਕਿ ਵਾਕਿਆ ਹੀ ਇਹ ਉਥੋਂ ਦਾ ਰਹਿਣ ਵਾਲਾ ਵਿਅਕਤੀ ਹੈ | ਲਿਹਾਜਾ ਅੱਜ ਉਸ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚ ਗਏ | 21 ਸਾਲ ਬਾਅਦ ਵਿਛੜੇ ਆਪਣੇ ਭਰਾ ਨੂੰ ਮਿਲ ਕੇ ਜੋ ਮੰਜ਼ਰ ਪੇਸ਼ ਹੋਇਆ ਉਹ ਬਿਆਨ ਤੋਂ ਬਾਹਰ ਹੈ | ਜਿੱਥੇ ਪਰਿਵਾਰ ਦੇ ਮੈਂਬਰ ਬਹੁਤ ਖੁਸ਼ ਹਨ ਉੱਥੇ ਆਸ਼ਰਮ ਦੇ ਸੰਚਾਲਕ ਹਰਪ੍ਰੀਤ ਸਿੰਘ ਵੀ ਜਜ਼ਬਾਤੀ ਹੋ ਕੇ ਕਹਿ ਰਹੇ ਸਨ ਕਿ ਅੱਜ ਮੇਰੇ ਦਿਲ ਨੂੰ ਬਹੁਤ ਵੱਡਾ ਸਕੂਨ ਮਿਲਿਆ ਹੈ |