ਅੰਮ੍ਰਿਤਸਰ, 12 ਜੂਨ (ਜਸਵੰਤ ਸਿੰਘ ਜੱਸ)-18ਵੀਂ ਸਦੀ ਤੋਂ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ ਵਿਚ ਵੱਸ ਰਹੇ ਸਿੱਖ ਪਰਿਵਾਰਾਂ ਦੇ ਇਕ 52 ਮੈਂਬਰੀ ਜਥੇ ਦੇ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੀ ਤਿੰਨ ਦਿਨਾ ਯਾਤਰਾ ਲਈ ਅੰਮ੍ਰਿਤਸਰ ਪੁੱਜਣ ‘ਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗਲੋਬਲ ਪੰਜਾਬੀ ਐਸੋਸੀਏਸ਼ਨ (ਉੱਤਰ ਪ੍ਰਦੇਸ਼ ਚੈਪਟਰ) ਦੇ ਪ੍ਰਧਾਨ ਡਾ: ਸੋਰਨ ਸਿੰਘ ਮਾਂਗਟ ਦੀ ਅਗਵਾਈ ਵਿਚ ਪੁੱਜੇ ਇਸ ਵਫਦ ਵਿਚ ਉੱਤਰ ਪ੍ਰਦੇਸ਼ ਦੇ 26 ਪਿੰਡਾਂ ਵਿਚ ਵਸਦੇ ਸਿੱਖ ਪਰਿਵਾਰਾਂ ਦੇ ਮੈਂਬਰ ਸ਼ਾਮਿਲ ਹਨ। ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰਿੰ. ਡਾ: ਜਸਵਿੰਦਰ ਸਿੰਘ ਢਿੱਲੋਂ ਅਤੇ ਡਾ: ਜਸਵਿੰਦਰ ਕੌਰ ਸੋਹਲ ਨੇ ਦੱਸਿਆ ਕਿ ਪੁਰਾਤਨ ਸਮਿਆਂ ਵਿਚ ਸਿੱਖ ਜਰਨੈਲ ਦਿੱਲੀ ਫ਼ਤਿਹ ਕਰਕੇ ਜਦੋਂ ਪੰਜਾਬ ਪਰਤ ਆਏ ਸਨ, ਪਰ ਉਨ੍ਹਾਂ ਦੇ ਬਹੁਤ ਸਾਰੇ ਸਿਪਾਹੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿਚ ਹੀ ਜ਼ਮੀਨਾਂ ਪ੍ਰਾਪਤ ਕਰਕੇ ਉਥੇ ਪੱਕੇ ਤੌਰ ‘ਤੇ ਵਸੇਬਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਸਮੇਂ ਦੇ ਨਾਲ ਭੂਗੋਲਿਕ ਦੂਰੀ ਵੱਧਦੀ ਗਈ, ਪਰ ਸਿੱਖ ਧਰਮ ਅਤੇ ਆਪਣੀਆਂ ਜੜਾਂ ਪ੍ਰਤੀ ਉਨ੍ਹਾਂ ਦੀ ਆਸਥਾ ਅੱਜ ਵੀ ਕਾਇਮ ਹੈ। ਪ੍ਰਿੰਸੀਪਲ ਢਿੱਲੋਂ ਨੇ ਦੱਸਿਆ ਕਿ ਅੱਜ ਪੱਛਮੀ ਉੱਤਰ ਪ੍ਰਦੇਸ਼ ਦੇ ਲਗਭਗ 800 ਪਿੰਡਾਂ ਵਿਚ ਸਿੱਖ ਜਰਨੈਲਾਂ ਤੇ ਸਿਪਾਹੀਆਂ ਦੇ ਕਰੀਬ ਸਾਢੇ ਸੱਤ ਲੱਖ ਪਰਿਵਾਰ ਵੱਸਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਘਾਟ ਅਤੇ ਪੰਜਾਬ ਨਾਲ ਸਮਾਜਿਕ ਤੇ ਸੱਭਿਆਚਾਰਕ ਸੰਪਰਕ ਵਿਚ ਆਈ ਕਮੀ ਕਾਰਨ ਇਨ੍ਹਾਂ ਵਿਚੋਂ ਬਹੁਤ ਪਰਿਵਾਰ ਆਪਣੀ ਮੂਲ ਸਿੱਖ ਪਛਾਣ ਤੋਂ ਦੂਰ ਹੋ ਗਏ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਪਰ ਇਸ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਦੇ ਦਿਲਾਂ ਵਿਚ ਸਿੱਖ ਧਰਮ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਪਣੀਆਂ ਜੜ੍ਹਾਂ ਪ੍ਰਤੀ ਪਿਆਰ ਤੇ ਸ਼ਰਧਾ ਅੱਜ ਵੀ ਕਾਇਮ ਹੈ ਅਤੇ ਇਸੇ ਲਈ ਇਹ ਵਫਦ ਪੰਜਾਬ ਦੇ ਤਿੰਨ ਦਿਨਾ ਦੌਰੇ ‘ਤੇ ਪੰਜਾਬ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਇਸ ਵਫਦ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਧੀ, ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਜਲ੍ਹਿਆਂਵਾਲਾ ਬਾਗ ਅਤੇ ਅਟਾਰੀ-ਵਾਹਗਾ ਸਰਹੱਦ ਸਮੇਤ ਹੋਰ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਆਪਣੀਆਂ ਜੜ੍ਹਾਂ ਨਾਲ ਮੁੜ ਨਾਤਾ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਜਥੇ ਵਲੋਂ ਅੱਜ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਅਤੇ ਬੀਤੀ ਸ਼ਾਮ ਅਟਾਰੀ-ਵਾਹਗਾ ਸਰਹੱਦ ਦਾ ਦੌਰਾ ਵੀ ਕੀਤਾ ਗਿਆ ਤੇ ਝੰਡਾ ਉਤਾਰਨ ਦੀ ਰਸਮ ਦੀ ਦੇਖੀ। ਇਸ ਮੌਕੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਮੈਂਬਰ ਕੁਲਦੀਪ ਸਿੰਘ ਕਾਹਲੋਂ, ਮਨਜੀਤ ਸਿੰਘ ਭੋਮਾ, ਮਹਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ। ਜਿਨ੍ਹਾਂ ਵਲੋਂ ਆਏ ਵਫਦ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।