ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ)-ਪੰਜਾਬ ‘ਚ ਅੰਮ੍ਰਿਤਸਰ ਸਮੇਤ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਦੇ ਨਾਲ ਦਰਮਿਆਨੀ ਅਤੇ ਹਲਕੀ ਬਰਸਾਤ ਹੋਣ ਨਾਲ ਤਾਪਮਾਨ ‘ਚ ਵੱਡੀ ਗਿਰਵਾਟ ਆਈ। ਗੁਰਦਾਸਪੁਰ ‘ਚ ਤਾਪਮਾਨ ‘ਚ ਸਭ ਤੋਂ ਜ਼ਿਆਦਾ ਗਿਰਾਵਟ 8.0 ਡਿਗਰੀ ਸੈਲਸੀਅਸ ਤੱਕ ਦਰਜ ਕੀਤੀ। ਲੰਘੇ 24 ਘੰਟਿਆਂ ‘ਚ ਅੰਮ੍ਰਿਤਸਰ ‘ਚ 52.6 ਮਿਲੀਮੀਟਰ ਤੱਕ ਬਰਸਾਤ ਦਰਜ ਕੀਤੀ ਗਈ। ਇਸੇ ਦੌਰਾਨ ਹੀ ਰੂਪ ਨਗਰ ‘ਚ 30.5 ਮਿਲੀਮੀਟਰ, ਪਠਾਨਕੋਟ ‘ਚ 25 ਮਿਲੀਮੀਟਰ ਮੀਂਹ ਪਿਆ। ਇਸ ਦੌਰਾਨ ਦਿਨ ਦੇ ਸਮੇਂ ਪੰਜਾਬ ਦੇ ਫਰੀਦਕੋਟ ਇਲਾਕੇ ‘ਚ ਸਭ ਤੋਂ ਜ਼ਿਆਦਾ 40.1 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ। ਜਦੋਂ ਕਿ ਅੰਮ੍ਰਿਤਸਰ 31.2 ਡਿਗਰੀ ਤਾਪਮਾਨ ਰਿਹਾ ਜੋ ਇਕ ਦਿਨ ਪਹਿਲਾਂ ਨਾਲੋਂ 6.0 ਡਿਗਰੀ ਅਤੇ ਆਮ ਨਾਲੋਂ 6.3 ਡਿਗਰੀ ਸੈਲਸੀਅਸ ਘੱਟ ਸੀ। ਪਠਾਨਕੋਟ ‘ਚ ਦਿਨ ਦੇ ਸਮੇਂ 31.4 ਡਿਗਰੀ ਸੈਲਸੀਅਸ ਅਤੇ ਰਾਤ ਨੂੰ ਸੂਬੇ ‘ਚ ਸਭ ਤੋਂ ਘੱਟ 22.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਵਲੋਂ ਅਗਲੇ 24 ਘੰਟਿਆਂ ‘ਚ ਪੰਜਾਬ ਦੇ ਕਈ ਇਲਾਕਿਆਂ ‘ਚ ਗਰਜ ਚਮਕ ਨਾਲ ਮੀਂਹ ਪੈਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਜਿਸ ਨੂੰ ਲੈ ਕੇ ਯੈੱਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਇਲਾਕਿਆਂ ’ਚ ਪਿਆ ਮੀਂਹ
ਅਜੀਤ ਡੈਸਕ
26-06-2026