ਅੰਮ੍ਰਿਤਸਰ, 29 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਵਲੋਂ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਰੋਸ ‘ਚ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾ ਸਰੂਪ ਰਾਣੀ ਕਾਲਜ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ ਉਪਰੰਤ ਐੱਸ. ਡੀ. ਐੱਮ.-2 ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਮਰੀਕਾ ਦੇ ਦਬਾਅ ਹੇਠ ਅਜਿਹੀਆਂ ਨੀਤੀਆਂ ਲਾਗੂ ਕਰ ਰਹੀ ਹੈ, ਜਿਨ੍ਹਾਂ ਨਾਲ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚੇਗਾ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਅਤੇ ਅਮਰੀਕੀ ਸਾਮਾਨ ਨੂੰ ਦਿੱਤੀਆਂ ਜਾ ਰਹੀਆਂ ਰਿਆਇਤਾਂ ਖਤਮ ਕੀਤੀਆਂ ਜਾਣ, ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ ਅਤੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਜਾਵੇ, ਕਿਸਾਨਾਂ ਨੂੰ ਹਰ ਫ਼ਸਲ ‘ਤੇ ਕਾਨੂੰਨੀ ਗਾਰੰਟੀ ਨਾਲ ਐੱਮ. ਐੱਸ. ਪੀ. ਦਿੱਤੀ ਜਾਵੇ, ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ, ਅਮਰੀਕਾ, ਇਜ਼ਰਾਈਲ ਜਾਂ ਕਿਸੇ ਹੋਰ ਵਿਦੇਸ਼ੀ ਦਬਾਅ ਹੇਠ ਦੇਸ਼ ਦੀ ਖੇਤੀ, ਖੁਰਾਕ ਸੁਰੱਖਿਆ ਅਤੇ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ਼ੈਸਲੇ ਨਾ ਲਏ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਸੂਬਾ ਆਗੂ ਸਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਖਿਆਲਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ ਕੋਹਾਲੀ, ਜਨਰਲ ਸਕੱਤਰ ਜਗਤਾਰ ਸਿੰਘ ਝੰਜੋਟੀ ਜ਼ਿਲ੍ਹਾ ਆਗੂ, ਨਿਰਮਲ ਸਿੰਘ ਕਲੇਰ, ਬਿੱਟਾ ਮਾਹਲ, ਜਸਵਿੰਦਰ ਸਿੰਘ ਚਾਹੜਪੂਰ, ਰੇਸ਼ਮ ਸਿੰਘ ਕੋਹਾਲੀ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ, ਬਲਵੀਰ ਸਿੰਘ ਬੋਪਾਰਾਏ, ਕਰਨਵੀਰ ਸਿੰਘ ਚੁਗਾਵਾਂ, ਗੁਰਪਿੰਦਰ ਸਿੰਘ ਭਿੰਡੀਆਂ, ਬਿਕਰਮਜੀਤ ਸਿੰਘ ਮਜੀਠਾ, ਸੂਬਾ ਸਿੰਘ ਜੰਡਿਆਲਾ, ਬਚਿੱਤਰ ਸਿੰਘ ਗੁਰੂ ਕਾ ਬਾਗ, ਜਸਵਿੰਦਰ ਸਿੰਘ ਅਟਾਰੀ, ਅਮਰਜੀਤ ਸਿੰਘ ਹਰਸ਼ਾ ਛੀਨਾ, ਜਨਰਲ ਸਕੱਤਰ ਮੰਗਲ ਸਿੰਘ ਅਜਨਾਲਾ, ਤਰਸੇਮ ਸਿੰਘ ਬਾਸਰਕੇ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਅਜੀਤ ਡੈਸਕ
30-06-2026