ਅੰਮ੍ਰਿਤਸਰ, 29 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ ਗਏ। ਇਹ ਪ੍ਰੋਗਰਾਮ ਮੈਸਰਜ਼ ਲਾਲੀ ਮੋਟਰਜ਼ ਗੋਲਡਨ ਗੇਟ ਜੀ. ਟੀ. ਰੋਡ ਅੰਮ੍ਰਿਤਸਰ, ਮੈਸਰਜ਼ ਮੰਜੂਸ੍ਰੀ ਟੈਕਨੋ ਪੈਕ ਲਿਮ. ਇੰਡਸਟਰੀਅਲ ਫੋਕਲ ਪੁਆਇੰਟ ਗੋਇੰਦਵਾਲ ਸਾਹਿਬ ਤਰਨ ਤਾਰਨ, ਮੈਸਰਜ਼ ਦੀ ਗੁਰਦਾਸਪੁਰ ਕੋ-ਆਪ੍ਰੇਟਿਵ ਸ਼ੂਗਰ ਮਿਲਜ਼ ਲਿਮ. ਪਿੰਡ ਭਣਿਆੜ ਜ਼ਿਲ੍ਹਾ ਗੁਰਦਾਸਪੁਰ ਤੇ ਮੈਸਰਜ਼ ਪੂਜਾ ਮਸ਼ੀਨਜ਼ ਪ੍ਰਾ. ਲਿਮ. ਫੋਕਲ ਪੁਆਇੰਟ ਹਰਿਆਲ ਪਠਾਨਕੋਟ ਵਿਖੇ ਕਰਵਾਏ ਗਏ। ਇਸ ਦੌਰਾਨ ਨੋਡਲ ਅਫ਼ਸਰਾਂ ਨੇ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੀਤੇ। ਇਸ ਮੌਕੇ ਲੋਕੇਂਦਰ ਸਿੰਘ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਹੈ, ਜੋ ਨਿਰਮਾਣ ਖੇਤਰ ਦੇ ਕਰਮਚਾਰੀਆਂ ‘ਤੇ ਚਾਰ ਸਾਲਾਂ ਲਈ ਅਤੇ ਹੋਰ ਮਾਲਕਾਂ ‘ਤੇ ਦੋ ਸਾਲਾਂ ਲਈ ਲਾਗੂ ਹੋਵੇਗੀ, ਜਿਸ ਲਈ ਰਜਿਸਟਰੇਸ਼ਨ 31 ਜੁਲਾਈ 2027 ਤੱਕ ਜਾਰੀ ਰਹੇਗੀ। ਇਹ ਯੋਜਨਾ ਇਕ ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਕਰਮਚਾਰੀਆਂ ‘ਤੇ ਲਾਗੂ ਹੁੰਦੀ ਹੈ, ਪਰ ਲਾਭਪਾਤਰੀਆਂ ਨੂੰ ਇਕ ਮਹੀਨੇ ਦੀ ਤਨਖਾਹ (15,000 ਰੁਪਏ ਤੱਕ) ਦੋ ਕਿਸ਼ਤਾਂ ‘ਚ ਮਿਲੇਗੀ। ਇਸ ਯੋਜਨਾ ਦੇ ਤਹਿਤ ਨਵੇਂ ਭਰਤੀ ਕੀਤੇ ਗਏ ਕਰਮਚਾਰੀਆਂ ਦੇ ਮਾਲਕਾਂ ਨੂੰ ਪ੍ਰਤੀ ਮਹੀਨਾ 3,000 ਰੁਪਏ ਤੱਕ ਦੀ ਸਹਾਇਤਾ ਮਿਲੇਗੀ ਅਤੇ ਮਾਲਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ ਲਗਪਗ 1 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜਿਸ ਨਾਲ 35 ਮਿਲੀਅਨ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਈ. ਪੀ. ਐੱਫ. ਓ. ਨੇ ਆਪਣੇ ਮੈਂਬਰਾਂ ਲਈ ਪੀ. ਐੱਫ. ਖਾਤਾ ਟਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਲਗਪਗ 2782 ਪੈਨਸ਼ਨਰਾਂ ਦਾ ਜੀਵਨ ਪ੍ਰਮਾਣ ਸਰਟੀਫਿਕੇਟ ਜਮ੍ਹਾਂ ਨਹੀਂ ਹੋਏ ਹਨ। ਮੈਂਬਰ ਆਪਣੇ ਸਮਾਰਟ ਫੋਨ ਰਾਹੀਂ, ਸੁਵਿਧਾ ਕੇਂਦਰ, ਡਾਕਘਰ, ਬੈਂਕ ਤੇ ਪੀ. ਐੱਫ. ਦਫ਼ਤਰ ਜਾ ਕੇ ਜੀਵਨ ਪ੍ਰਮਾਣ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਮੈਂਬਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਕੇਵਲ ਈ. ਪੀ. ਐੱਫ. ਓ. ਦੀ ਅਧਿਕਾਰਤ ਵੈੱਬਸਾਈਟ ਜਾਂ ਉਮੰਗ ਐਪ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਈ. ਪੀ. ਐੱਫ. ਓ. ਵਲੋਂ ਜੂਨ 2026 ‘ਚ 27263 ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਕੀਤਾ ਗਿਆ।
ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਏ
ਅਜੀਤ ਡੈਸਕ
30-06-2026