ਅੰਮ੍ਰਿਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)- ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਦੋ ਦਿਨਾਂ ਅਧਿਆਪਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪਹਿਲੇ ਦਿਨ ‘ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਪ੍ਰਬੰਧਨ’ ਵਿਸ਼ੇ ਅਤੇ ਦੂਜੇ ਦਿਨ ‘ਪੀਕ ਪ੍ਰੋਫਾਰਮਸ ਫਰੇਮ ਵਰਕ’ ਸੰਬੰਧੀ ਵਿਸ਼ੇ ’ਤੇ ਮਾਹਿਰਾਂ ਵਲੋਂ ਗੱਲਬਾਤ ਕੀਤੀ ਗਈ। ਇਸ ਸੈਮੀਨਾਰ ਦਾ ਉਦੇਸ਼ ਸਟਾਫ ਨੂੰ ਚੰਗੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਅਤੇ ਸੰਪੂਰਨ ਵਿਕਾਸ ਕਰਨਾ ਸੀ ਤਾਂ ਜੋ ਇਸ ਨਾਲ ਅਧਿਆਪਕ ਬੱਚੇ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਬਿਹਤਰ ਯੋਗਦਾਨ ਪਾ ਸਕਣ। ਦੋ ਦਿਨਾ ਸੈਮੀਨਾਰ ਦੌਰਾਨ ਮੁੱਖ ਬੁਲਾਰਿਆਂ ਵਜੋਂ ਡਾ. ਪੰਕਜ ਧਮੀਜਾ, ਅਨੂਪ ਕੁਮਾਰ ਸ਼ਰਮਾ, ਰਾਕੇਸ਼ ਕੁਮਾਰ ਸ਼ਰਮਾ ਨੇ ਸ਼ਿਰਕਤ ਕਰਦਿਆਂ ਸਰੀਰਕ ਅਤੇ ਮਾਨਸਿਕ ਸਿਹਤ ਦੀ ਮਹੱਤਤਾ, ਤਣਾਅ ਤੋਂ ਬਚਾਅ, ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਸਕਾਰਾਤਮਕ ਸੋਚ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਧਿਆਪਕਾਂ ਨੇ ਬੁਲਾਰਿਆਂ ਨਾਲ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਵੀ ਕੀਤਾ। ਸਕੂਲ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਿਹਤਮੰਦ ਜੀਵਨ ਲਈ ਬਹੁਤ ਲਾਭਦਾਇਕ ਹਨ।
ਬੀਬੀ ਕੌਲਾਂ ਜੀ ਸੀਨੀ. ਸੈਕੰਡਰੀ ਸਕੂਲ ਵਿਖੇ ਦੋ ਦਿਨਾ ਜਾਗਰੂਕਤਾ ਸੈਮੀਨਾਰ
ਅਜੀਤ ਡੈਸਕ
07-07-2026