ਅੰਮ੍ਰਿਤਸਰ, 18 ਜੁਲਾਈ (ਰੇਸ਼ਮ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਤਹਿਤ ਆਯੋਜਿਤ ਵਿਸ਼ੇਸ਼ ਲੋਕ ਅਦਾਲਤ ਲੰਬੇ ਸਮੇਂ ਤੋਂ ਲੰਬਿਤ ਪਏ ਮੁਕੱਦਮਿਆਂ ਦੇ ਆਪਸੀ ਸਹਿਮਤੀ ਨਾਲ ਨਿਪਟਾਰੇ ਅਤੇ ਲੋਕਾਂ ਨੂੰ ਤੁਰੰਤ ਤੇ ਸਸਤਾ ਨਿਆਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ । ਵਿਸੇਸ਼ ਲੋਕ ਅਦਾਲਤ ‘ਚ 391 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਸ ‘ਚੋਂ 37 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਤੇ 51 ਲੱਖ ਤੋਂ ਵਧੇਰੇ ਰਕਮ ਦੇ ਸਮਝੋਤੇ ਕਰਵਾਏ ਗਏ । ਇਹ ਵਿਸ਼ੇਸ਼ ਲੋਕ ਅਦਾਲਤ ਲਈ ਕੁੱਲ 5 ਬੈਂਚਾਂ ਦਾ ਗਠਨ ਕੀਤਾ ਗਿਆ ਸੀ ਜਿਸ ’ਚ ਅਮਨਦੀਪ ਕੌਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅਮਨਦੀਪ ਸਿੰਘ ਘੁੰਮਣ ਨਿਆਂਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ, ਗਗਨਦੀਪ ਸਿੰਘ ਕੈਂਥ ਨਿਆਂਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ, ਸਤਵਿੰਦਰਜੀਤ ਕੌਰ, ਨਿਆਂਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਅਜਨਾਲਾ ਅਤੇ ਰਮਨਦੀਪ ਕੌਰ ਨਿਆਂਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਬਾਬਾ ਬਕਾਲਾ ਸਾਹਿਬ ਸ਼ਾਮਿਲ ਸਨ ।