ਅਜਨਾਲਾ, 18 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਦੇ ਬਿਲਕੁਲ ਨਾਲ ਲੱਗਦੇ ਪਿੰਡ ਲੱਖੂਵਾਲ ਵਿਖੇ ਨਸ਼ਿਆਂ ਦਾ ਧੰਦਾ ਜ਼ੋਰਾਂ ਨਾਲ ਚੱਲਣ ਸਬੰਧੀ ਇਕ ਨੌਜਵਾਨ ਵਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪਾਉਣ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਸਬ-ਡਵੀਜ਼ਨ ਅਜਨਾਲਾ ਦੀ ਪੁਲਿਸ ਵਲੋਂ ਅੱਜ ਪਿੰਡ ਲੱਖੂਵਾਲ ਵਿਚ ਵੱਡਾ ਤਲਾਸ਼ੀ ਅਭਿਆਨ ਚਲਾਇਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿਨ ਚੜ੍ਹਦਿਆਂ ਹੀ ਡੀ.ਐੱਸ.ਪੀ ਅਜਨਾਲਾ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਹੇਠ 3 ਥਾਣਿਆਂ ਅਜਨਾਲਾ, ਰਮਦਾਸ ਅਤੇ ਝੰਡੇਰ ਦੀ ਪੁਲਿਸ ਨੇ ਇੱਕੋ ਸਮੇਂ ਪਿੰਡ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਸ਼ੱਕੀ ਵਿਅਕਤੀਆਂ ਅਤੇ ਘਰਾਂ ਦੀ ਤਲਾਸ਼ੀ ਅਤੇ ਛਾਪੇਮਾਰੀ ਕੀਤੀ, ਜਿਸ ਨਾਲ ਨਸ਼ਾ ਤਸਕਰਾਂ ਵਿਚ ਹੜਕੰਪ ਮਚ ਗਿਆ ਤੇ ਪੁਲਿਸ ਨੂੰ ਦੇਖਦਿਆਂ ਹੀ ਕਈ ਨਸ਼ਾ ਤਸਕਰ ਖੇਤਾਂ ਵਿਚੋਂ ਭੱਜਦੇ ਦੇਖੇ ਗਏ। ਡੀ.ਐੱਸ.ਪੀ ਅਜਨਾਲਾ ਗੁਰਦੀਪ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਕਾਰਵਾਈ ਦੌਰਾਨ 15 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲੱਖੂਵਾਲ ਵਿਚ ਕਾਫ਼ੀ ਸਮੇਂ ਤੋਂ ਭਾਰੀ ਮਾਤਰਾ ਵਿਚ ਨਸ਼ੇ ਦੀ ਵਿਕਰੀ ਹੋਣ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਆਧਾਰ ‘ਤੇ ਇਹ ਸਾਂਝੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਮੌਕੇ ਡੀ.ਐੱਸ.ਪੀ ਬਲਰਾਜ ਸਿੰਘ ਖਹਿਰਾ, ਐੱਸ.ਐੱਚ.ਓ. ਅਜਨਾਲਾ ਇੰਸਪੈਕਟਰ ਹਰਿੰਦਰ ਸਿੰਘ, ਐੱਸ.ਐੱਚ.ਓ. ਰਮਦਾਸ ਸਬ-ਇੰਸਪੈਕਟਰ ਨਰਿੰਦਰ ਸਿੰਘ ਰਮਦਾਸ ਅਤੇ ਐੱਸ.ਐੱਚ.ਓ ਝੰਡੇਰ ਇੰਸਪੈਕਟਰ ਅਰਜਨ ਕੁਮਾਰ ਸਮੇਤ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਮੌਜੂਦ ਸਨ।