15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰਾਜਾਸਾਂਸੀ ਦੇ 2 ਪਿੰਡਾਂ ’ਚ ਬਿਨਾਂ ਨੋਟਿਸ ਸਰਪੰਚਾਂ ਦੀ ਮੁੜ ਗਿਣਤੀ ਕਰਵਾਉਣਾ ਲੋਕਤੰਤਰ ਦੇ ਖ਼ਿਲਾਫ਼-ਸਰਕਾਰੀਆ

Ad Position 21
No active advertisement
ਅਜੀਤ ਡੈਸਕ 29-07-2026

ਅਜਨਾਲਾ/ਰਾਜਾਸਾਂਸੀ , 28 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੇ ਭਤੀਜੇ ਅਤੇ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਧੱਕੇਸ਼ਾਹੀ ਦੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਉਲੰਘਣਾ ਕੀਤੀ ਗਈ ਸੀ ਤੇ ਹੁਣ ਵੀ ਲਗਾਤਾਰ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਅਜੀਤ’ ਪ੍ਰਤੀਨਿਧ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦਿਲਰਾਜ ਸਿੰਘ ਸਰਕਾਰੀਆ ਨੇ ਦੱਸਿਆ ਕਿ ਹਲਕਾ ਰਾਜਾਸਾਂਸੀ ਦੇ ਪਿੰਡ ਜਸਰਾਉਰ ਅਤੇ ਭਿੰਡੀ ਸੈਦਾਂ ਦੀਆਂ ਸਰਪੰਚੀ ਚੋਣਾਂ ਸਬੰਧੀ ਦੂਸਰੀ ਧਿਰ ਵਲੋਂ ਐੱਸ.ਡੀ.ਐੱਮ. ਲੋਪੋਕੇ ਕੋਲ ਪਟੀਸ਼ਨ ਦਾਇਰ ਕਰਕੇ ਵੋਟਾਂ ਦੀ ਮੁੜ ਗਿਣਤੀ (ਰੀ-ਕਾਊਂਟਿੰਗ) ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਐੱਸ.ਡੀ.ਐੱਮ ਲੋਪੋਕੇ ਵਲੋਂ 29 ਜੁਲਾਈ ਨੂੰ ਰੀ-ਕਾਊਂਟਿੰਗ ਦੀ ਤਰੀਕ ਤਾਂ ਨਿਰਧਾਰਿਤ ਕਰ ਦਿੱਤੀ ਗਈ ਹੈ, ਪਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ, ਜੋ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਪਿੰਡ ਭਿੰਡੀ ਸੈਦਾਂ ਤੋਂ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਇਕ ਕੇਸ ਵਿਚ ਨਾਮਜ਼ਦ ਹੈ ਅਤੇ ਉਸ ਨੂੰ ਹਾਲੇ ਜ਼ਮਾਨਤ ਵੀ ਨਹੀਂ ਮਿਲੀ, ਅਜਿਹੀ ਸਥਿਤੀ ਵਿਚ ਉਸ ਦੀ ਗ਼ੈਰਹਾਜ਼ਰੀ ਦੌਰਾਨ ਰੀ-ਕਾਊਂਟਿੰਗ ਕਰਵਾਉਣਾ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਜਸਰਾਊਰ ਦੇ ਉਮੀਦਵਾਰ ਕਮਲਸ਼ੇਰ ਸਿੰਘ ਨੂੰ ਵੀ ਰੀ-ਕਾਊਂਟਿੰਗ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ। ਦਿਲਰਾਜ ਸਿੰਘ ਸਰਕਾਰੀਆ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਆਪਣੇ ਪ੍ਰਭਾਵ ਹੇਠ ਪ੍ਰਸ਼ਾਸਨ ਤੋਂ ਮਨਮਰਜ਼ੀ ਦੇ ਫ਼ੈਸਲੇ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸ ਮੌਕੇ ਜਸਕਰਨ ਸਿੰਘ ਕੋਹਰੀ, ਪੀ.ਏ ਰਵੀ, ਸਾਬਕਾ ਸਰਪੰਚ ਰਾਜਬੀਰ ਸਿੰਘ ਵਰਿਆਹ ਅਤੇ ਜੱਸਇੰਦਰਪਾਲ ਸਿੰਘ ਆਦਿ ਹਾਜ਼ਰ ਸਨ। ਇਸ ਸੰਬੰਧੀ ਜਦ ਐੱਸ.ਡੀ.ਐੱਮ. ਲੋਪੋਕੇ ਮਨਬੀਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਲਕਾ ਰਾਜਾਸਾਂਸੀ ਦੇ ਤਿੰਨ ਪਿੰਡਾਂ ਦੀ ਮੁੜ ਗਿਣਤੀ ਹੋਵੇਗੀ, ਜਿਸ ਲਈ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਵਿਭਾਗ ਦੀ ਟੈਕਸ ਚੋਰੀ ਖ਼ਿਲਾਫ਼ ਵੱਡੀ ਕਾਰਵਾਈ, ਡਿਫਾਲਟਰ ਲਾਇਸੰਸੀ ਨੂੰ ਗ੍ਰਿਫ਼ਤਾਰ ਕੀਤਾ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਸਾਂਝੇ ਫਰੰਟ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24