ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ
ਅੰਮ੍ਰਿਤਸਰ, 4 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੇ ਸ਼ਿਵਾਲਿਆਂ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧੂਮ ਰਹੀ।
ਅੰਮ੍ਰਿਤਸਰ, 4 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਭਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੇ ਸ਼ਿਵਾਲਿਆਂ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਧੂਮ ਰਹੀ। ਇਸ ਦੌਰਾਨ ਦੇਰ ਰਾਤ ਤੱਕ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ। ਸ੍ਰੀ ਦੁਰਗਿਆਣਾ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ’ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਰੰਗ-ਬਿਰੰਗੇ ਫੁੱਲਾਂ ਨਾਲ ਸ੍ਰੀ ਦੁਰਗਿਆਣਾ ਮੰਦਰ ਕੰਪਲੈਕਸ ਅਤੇ ਆਲੇ ਦੁਆਲੇ ਦੇ ਸਾਰੇ ਮੰਦਰਾਂ, ਖਾਸ ਕਰਕੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ, ਸ੍ਰੀ ਰਾਮ ਦਰਬਾਰ, ਸ੍ਰੀ ਰਾਧਾ ਕ੍ਰਿਸ਼ਨ ਦਰਬਾਰ, ਸ਼ੀਤਲਾ ਮੰਦਰ, ਪ੍ਰਾਚੀਨ ਹਨੂੰਮਾਨ ਮੰਦਰ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ। ਸਾਰਾ ਦਿਨ ਹਰਿਨਾਮ ਸੰਕੀਰਤਨ ਚੱਲਦਾ ਰਿਹਾ। ਇਸ ਦੌਰਾਨ ਮੰਦਰ ’ਚ ਇਲੈਕਟ੍ਰੋਨਿਕ ਝਾਕੀਆਂ ਅਤੇ ਰਾਸ ਲੀਲਾ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਰਾਤ 12 ਵਜੇ ਤੋਂ ਬਾਅਦ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਢੋਲ-ਨਗਾਰਿਆਂ ਦੇ ਨਾਲ ਸਵਾਗਤ ਕੀਤਾ ਅਤੇ ਮਨਮੋਹਕ ਆਤਿਸ਼ਬਾਜੀ ਕੀਤੀ ਗਈ। ਇਸ ਮੌਕੇ ਸ਼ਰਧਾਲੂਆਂ ਨੂੰ ਵਿਸ਼ੇਸ਼ ਪ੍ਰਸ਼ਾਦ ਵੀ ਵੰਡਿਆ ਗਿਆ। ਸ੍ਰੀ ਦੁਰਗਿਆਣਾ ਕਮੇਟੀ ਵਲੋਂ ਲੰਗਰ ਭੰਡਾਰਾ ਸਾਰਾ ਦਿਨ ਅਤੁੱਟ ਚਲਦਾ ਰਿਹਾ। ਸਥਾਨਕ ਚੌਂਕ ਪਾਸੀਆਂ ਸਥਿਤ ਮੰਦਰ ਸ੍ਰੀ ਜੈ ਕ੍ਰਿਸ਼ਨੀਆਂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੇ ਸੰਚਾਲਕ ਦਰਸ਼ਨਾਚਾਰਿਆ ਸਾਗਰ ਮੁਨੀ ਸ਼ਾਸਤਰੀ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ’ਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ, ਵਿਧਾਇਕ ਡਾ. ਅਜੈ ਗੁਪਤਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਗਰ ਮੁਨੀ ਸ਼ਾਸਤਰੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਪਾਰਬ੍ਰਹਮ ਅਵਤਾਰ ਹਨ ਅਤੇ ਜੀਵਾਂ ਦਾ ਉਦਾਰ ਕਰਨ ਲਈ ਅਵਤਾਰ ਲੈਂਦੇ ਹਨ। ਉਨ੍ਹਾਂ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਵੀ ਕੀਤਾ। ਇਸ ਤੋਂ ਪਹਿਲਾਂ ਮੰਦਰ ਵਲੋਂ ਸ਼ੋਭਾ ਯਾਤਰਾ ਵੀ ਕੱਢੀ ਗਈ, ਜਿਸ ’ਚ ਕ੍ਰਿਸ਼ਨ ਦੇ ਪਹਿਰਾਵਿਆਂ ’ਚ ਸਜੇ ਬੱਚਿਆਂ ਨੇ ਸ਼ਰਧਾਲੂਆਂ ਦਾ ਮਨ ਮੋਹਿਆ। ਸ਼ੋਭਾ ਯਾਤਰਾ ਦਾ ਥਾਂ-ਥਾਂ ਲੋਕਾਂ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਮੰਦਰ ਦੇ ਮੁੱਖ ਮੈਂਬਰ ਸ੍ਰੀਮਤੀ ਅੰਜਨਾ ਲੁਥਰਾ, ਅਰੁਣ ਚੌਹਾਨ, ਗੌਤਮ ਸਰੀਨ, ਨੀਲਮ ਮਹਾਜਨ, ਰਾਕੇਸ਼ ਮਹਾਜਨ, ਅਮਿਤ ਸ਼ਿੰਗਾਰੀ, ਈਸ਼ਾਨ ਸ਼ਿੰਗਾਰੀ, ਰਜਤ ਮਹਾਜਨ, ਨਿਖਿਲ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਸ੍ਰੀ ਗੋਵਿੰਦ ਗੋਧਾਮ ਮੰਦਰ ਫੋਕਲ ਪੁਆਇੰਟ, ਪ੍ਰਾਚੀਨ ਸ੍ਰੀ ਚਿੰਤਪੁਰਨੀ ਮੰਦਰ, ਚੌਕ ਲਕਸ਼ਮਣਸਰ ਸਥਿਤ ਇਸਕੋਨ ਮੰਦਰ, ਸ਼ਿਵਾਲਾ ਵੀਰਭਾਨ, ਸ੍ਰੀ ਕ੍ਰਿਸ਼ਨ ਧਾਮ ਮੰਦਰ ਮਜੀਠਾ ਰੋਡ, ਸ਼ਿਵਾਲਾ ਬੋਹੜ ਵਾਲਾ, ਸ੍ਰੀ ਗੋਪਾਲ ਮੰਦਰ ਮਜੀਠਾ ਰੋਡ, ਸ੍ਰੀ ਮਾਰਵਾੜੀ ਵੱਡਾ ਮੰਦਰ ਸ੍ਰੀ ਰਘੁਨਾਥ ਜੀ, ਮਾਤਾ ਲਾਲ ਦੇਵੀ ਰਾਣੀ ਕਾ ਬਾਗ, ਮਾਤਾ ਲੌਂਗਾ ਵਾਲੀ ਦੇਵੀ ਟਾਊਨ ਹਾਲ, ਸ੍ਰੀ ਦੁਰਗਾ ਮਾਤਾ ਮੰਦਰ ਸ਼ਰੀਫਪੁਰਾ ਆਦਿ ਵਿਖੇ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ।