ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਕੂੜਾ ਪੱਕੇ ਤੌਰ ’ਤੇ ਚੁਕਵਾਉਣ ਦੀ ਕੀਤੀ ਮੰਗ
ਸੁਲਤਾਨਵਿੰਡ, 28 ਸਤੰਬਰ (ਗੁਰਨਾਮ ਸਿੰਘ ਬੁੱਟਰ): ਨਗਰ ਨਿਗਮ ਦੇ ਅਧੀਨ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਵਿਚ ਸੜਕ ਕੰਢੇ ਰੋਜ਼ਾਨਾ ਲੱਗ ਰਹੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਕਾਰਨ ਜਿੱਥੇ ਇਲਾਕੇ ਵਿਚ ਬਦਬੂ ਫੈਲ ਰਹੀ ਹੈ, ਉੱਥੇ ਹੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ।
ਸੁਲਤਾਨਵਿੰਡ, 28 ਸਤੰਬਰ (ਗੁਰਨਾਮ ਸਿੰਘ ਬੁੱਟਰ): ਨਗਰ ਨਿਗਮ ਦੇ ਅਧੀਨ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਵਿਚ ਸੜਕ ਕੰਢੇ ਰੋਜ਼ਾਨਾ ਲੱਗ ਰਹੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ਕਾਰਨ ਜਿੱਥੇ ਇਲਾਕੇ ਵਿਚ ਬਦਬੂ ਫੈਲ ਰਹੀ ਹੈ, ਉੱਥੇ ਹੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਇਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਨੇੜਲੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਸ ਸਥਾਨ ’ਤੇ ਲੋਕਾਂ ਵਲੋਂ ਕੂੜਾ ਸੁੱਟਿਆ ਜਾ ਰਿਹਾ ਹੈ, ਉਸ ਦੇ ਬਿਲਕੁਲ ਨਾਲ ਹੀ ਇਕ ਧਾਰਮਿਕ ਸਥਾਨ ਵੀ ਸਥਿਤ ਹੈ। ਇਸ ਦੇ ਬਾਵਜੂਦ ਕੁਝ ਲੋਕ ਇੱਥੇ ਲਗਾਤਾਰ ਕੂੜਾ ਸੁੱਟ ਕੇ ਗੰਦਗੀ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਕਾਰਨ ਆਸ-ਪਾਸ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਲੋਕਾਂ ਵਲੋਂ ਸੁੱਟਿਆ ਗਿਆ ਕੂੜਾ ਸੜਕ ਕੰਢੇ ਪਿਆ ਰਹਿੰਦਾ ਹੈ, ਜਿਸ ਨੂੰ ਆਵਾਰਾ ਪਸ਼ੂ ਅਤੇ ਕੁੱਤੇ ਇੱਧਰ-ਉੱਧਰ ਖਿਲਾਰ ਦਿੰਦੇ ਹਨ। ਇਸ ਕਾਰਨ ਸੜਕ ਕੰਢੇ ਹੋਰ ਵੀ ਗੰਦਗੀ ਫੈਲ ਜਾਂਦੀ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਿਲ ਹੁੰਦੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੂੜੇ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਦੁਕਾਨਾਂ ਦੇ ਆਸ-ਪਾਸ ਦਾ ਮਾਹੌਲ ਵੀ ਖ਼ਰਾਬ ਹੋ ਰਿਹਾ ਹੈ। ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਥਾਨ ਤੋਂ ਕੂੜੇ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਇੱਥੇ ਨਿਯਮਤ ਤੌਰ ’ਤੇ ਸਫ਼ਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਜਨਤਕ ਸਥਾਨਾਂ ’ਤੇ ਕੂੜਾ ਸੁੱਟਣ ਵਾਲੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਭਾਰੀ ਜੁਰਮਾਨਾ ਲਗਾਇਆ ਜਾਵੇ, ਤਾਂ ਜੋ ਲੋਕਾਂ ਨੂੰ ਸੜਕ ਕੰਢੇ ਕੂੜਾ ਸੁੱਟਣ ਤੋਂ ਰੋਕਿਆ ਜਾ ਸਕੇ। 28 ਏਐਸਆਰ58, 59