ਅੰਮਿ੍ਤਸਰ, 31 ਦਸੰਬਰ (ਹਰਮਿੰਦਰ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਅੰਮਿ੍ਤਸਰ ਦਾ ਦੁਨੀਆਂ 'ਚ ਕਰਨਾ ਚਾਹੁੰਦੇ ਹਨ ਤਾਂ ਸਾਰਾ ਅੰਮਿ੍ਤਸਰ, ਇੱਥੇ ਮੌਜੂਦ ਹੋਟਲਾਂ, ਕਲੱਬਾਂ, ਪੱਬਾਂ, ਮੈਰਿਜ਼ ਪੈਲੇਸਾਂ ਨੂੰ ਵੀ ਪਵਿੱਤਰ ਬਣਾ ਦੇਣ, ਕਿਸੇ ਵਿਚ ਵੀ ਮਾਸਾਹਾਰੀ ਭੋਜਨ ਨਾ ਬਣੇ, ਨਾ ਹੀ ਕਿਸੇ ਜਗ੍ਹਾ 'ਤੇ ਸ਼ਰਾਬ ਪਲਾਈ ਜਾਵੇ ਅਤੇ ਨਾ ਹੀ ਕਿਸੇ ਕਲੱਬ ਵਿਚ ਜੂਆ ਖੇਡਣ ਦਿੱਤਾ ਜਾਵੇ | ਪ੍ਰੋ: ਚਾਵਲਾ ਨੇ ਕਿਹਾ ਕਿ ਮੁੱਖ ਮੰਤਰੀ ਅੰਮਿ੍ਤਸਰ ਆ ਕੇ ਦੇਖਣ ਕਿ ਜਿਨ੍ਹਾਂ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾ ਵਿਚ ਕੇਵਲ ਸ਼ਾਕਾਹਾਰੀ ਖਾਣਾ ਬਣਦਾ ਹੈ, ਉੱਥੇ ਭੋਜਨ ਕਰਨ ਵਾਲੇ ਵੀ ਇੰਨੀ ਭੀੜ ਹੁੰਦੀ ਹੈ ਕਿ ਪਹਿਲਾਂ ਖਾਣੇ ਲਈ ਟੇਬਲ ਬੁੱਕ ਕਰਵਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅਜੇ ਅੰਮਿ੍ਤਸਰ ਸ਼ਹਿਰ ਨੂੰ ਪੂਰੀ ਤਰ੍ਹਾਂ ਪਵਿੱਤਰ ਨਗਰੀ ਨਹੀਂ ਬਣਾਇਆ ਗਿਆ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਚਾਰਦੀਵਾਰੀ ਦੇ ਬਾਹਰ ਪੱਕੇ ਤੌਰ 'ਤੇ ਪੁਲਿਸ ਵਾਲੇ ਤਾਇਨਾਤ ਕੀਤੇ ਜਾਣ ਜੋ ਹਰ ਦਾ ਥੈਲਾ ਚੈੱਕ ਕਰਨ ਕਿ ਕੋਈ ਸ਼ਰਾਬ ਮੀਟ ਤਾਂ ਨਹੀ ਲੈ ਕੇ ਜਾ ਰਿਹਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੋਟਲ ਦੀ ਕੀ ਗਰੰਟੀ ਹੈ ਉਥੇ ਮੀਟ ਨਹੀਂ ਬਣੇਗਾ | ਉਨ੍ਹਾਂ ਕਿਹਾ ਕਿ ਹਿੰਮਤ ਕਰਕੇ ਅਜਿਹੇ ਹੋਟਲਾਂ ਨੂੰ ਬਾਹਰ ਕੱਢਿਆ ਜਾਵੇ ਗ਼ਰੀਬਾਂ ਦਾ ਗਲਾ ਨਾ ਘੁੱਟਿਆ ਜਾਵੇ |