07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਨਵੰਬਰ 'ਚ ਯਾਤਰੀ ਆਵਾਜਾਈ ਦਾ ਅੰਕੜਾ 3 ਲੱਖ ਤੋਂ ਪਾਰ-ਫ਼ਲਾਈ ਅੰਮਿ੍ਤਸਰ ਇਨੀਸ਼ਿਏਟਵ <br/>

Ad Position 21
No active advertisement
ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਜਸਵੰਤ ਸਿੰਘ ਜੱਸ)-ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਮਾਰਚ ਤੋਂ ਬਾਅਦ, ਬੀਤੇ ਮਹੀਨੇ ਨਵੰਬਰ 2025 ਦੌਰਾਨ ਯਾਤਰੀਆਂ ਦੀ ਆਵਾਜਾਈ ਮੁੜ 3 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ | ਇਸ ਗੱਲ ਦਾ ਖ਼ੁਲਾਸਾ ਫ਼ਲਾਈ ਅੰਮਿ੍ਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਵਲੋਂ ਏਅਰਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਹਰ ਮਹੀਨੇ ਜਾਰੀ ਕੀਤੇ ਜਾਂਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਜਾਰੀ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਵਿਸ਼ਲੇਸ਼ਣ ਅਨੁਸਾਰ ਜਨਵਰੀ ਤੋਂ ਨਵੰਬਰ 2025 ਤੱਕ ਅੰਮਿ੍ਤਸਰ ਹਵਾਈ ਅੱਡੇ 'ਤੇ ਆਉਣ ਅਤੇ ਜਾਣ ਵਾਲੇ ਕੁੱਲ ਯਾਤਰੀਆਂ ਦੀ ਗਿਣਤੀ 28.77 ਲੱਖ ਦਰਜ ਕੀਤੀ ਗਈ, ਜੋ ਕਿ 2024 ਦੇ ਇਸੇ ਅਰਸੇ ਦੌਰਾਨ ਦਰਜ 30.85 ਲੱਖ ਦੇ ਮੁਕਾਬਲੇ 6.7 ਫੀਸਦੀ ਘੱਟ ਹੈ | ਯਾਤਰੀਆਂ ਦੀ ਗਿਣਤੀ ਵਿਚ ਇਹ ਗਿਰਾਵਟ ਮਈ ਮਹੀਨੇ ਤੋਂ ਸ਼ੁਰੂ ਹੋਈ ਸੀ, ਜਦੋਂ ਭਾਰਤ-ਪਾਕਿਸਤਾਨ ਫੌਜੀ ਟਕਰਾਅ ਕਾਰਨ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ | ਇਸ ਦੌਰਾਨ ਹਵਾਈ ਅੱਡਾ ਕੁਝ ਸਮੇਂ ਲਈ ਅਸਥਾਈ ਤੌਰ 'ਤੇ ਬੰਦ ਰਿਹਾ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਆਈ ਸੀ | ਉਨ੍ਹਾਂ ਕਿਹਾ ਕਿ 2025 ਦੀ ਸ਼ੁਰੂਆਤ ਕਾਫੀ ਮਜਬੂਤ ਰਹੀ ਸੀ ਅਤੇ ਜਨਵਰੀ ਤੋਂ ਅਪ੍ਰੈਲ ਤੱਕ ਯਾਤਰੀ ਆਵਾਜਾਈ ਵਿਚ 7 ਤੋਂ 19 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ | ਮਾਰਚ 2025 ਹਵਾਈ ਅੱਡੇ ਦੇ ਇਤਿਹਾਸ ਵਿਚ ਸਭ ਤੋਂ ਵੱਧ 3,43,384 ਯਾਤਰੀਆਂ ਵਾਲਾ ਮਹੀਨਾ ਸੀ | ਗੁਮਟਾਲਾ ਦੇ ਵਿਸ਼ਲੇਸ਼ਣ ਅਨੁਸਾਰ ਮਈ ਤੋਂ ਅਕਤੂਬਰ ਤੱਕ ਯਾਤਰੀ ਆਵਾਜਾਈ 2024 ਦੇ ਪੱਧਰ ਤੋਂ ਹੇਠਾਂ ਰਹੀ, ਪਰ ਨਵੰਬਰ ਵਿਚ ਇਸ ਮੁੜ ਵੱਧ ਕੇ 3,00,146 ਯਾਤਰੀਆਂ ਤੱਕ ਪਹੁੰਚ ਗਈ | ਇਸ ਵਾਧੇ ਵਿਚ ਘਰੇਲੂ ਯਾਤਰੀਆਂ ਦੀ ਗਿਣਤੀ 2,01,125 ਤੋਂ ਵੱਧ ਕੇ 2,04,087 ਹੋ ਗਈ, ਜਦਕਿ ਕੌਮਾਂਤਰੀ ਯਾਤਰੀਆਂ ਦੀ ਗਿਣਤੀ 96,005 ਤੋਂ ਵੱਧ ਕੇ 96,059 ਰਹੀ | ਗੁਮਟਾਲਾ ਨੇ ਕਿਹਾ ਕਿ ਨਵੰਬਰ 2024 ਦੇ ਮੁਕਾਬਲੇ 6.7 ਫੀਸਦੀ ਏਅਰਕਰਾਫਟ ਮੂਵਮੈਂਟ ਘੱਟ ਹੋਣ ਦੇ ਬਾਵਜੂਦ, ਯਾਤਰੀ ਆਵਾਜਾਈ ਵਿਚ ਵਾਧਾ ਹੋਇਆ ਹੈ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਜਹਾਜ਼ ਵੱਧ ਉਡਾਣਾਂ ਭਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਾਲ ਕੌਮਾਂਤਰੀ ਉਡਾਣਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ | ਜੂਨ ਵਿਚ ਅਹਿਮਦਾਬਾਦ ਹਵਾਈ ਅੱਡੇ 'ਤੇ ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਅੰਮਿ੍ਤਸਰ - ਲੰਡਨ ਗੈਟਵਿੱਕ ਉਡਾਣਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ, ਜੋ ਕਿ ਨਵੰਬਰ ਮਹੀਨੇ ਵਿਚ ਮੁੜ ਸ਼ੁਰੂ ਹੋਈ ਹੈ | ਇਟਲੀ ਦੀ 'ਨਿਓਸ ਏਅਰ' ਵਲੋਂ ਅਕਤੂਬਰ ਤੋਂ ਮਿਲਾਨ ਲਈ ਆਪਣੀਆਂ ਉਡਾਣਾਂ ਦੀਆਂ ਸੇਵਾਵਾਂ ਮੁਲਤਵੀ ਕਰਨ ਨਾਲ ਮਿਲਾਨ ਅਤੇ ਰੋਮ ਦੇ ਨਾਲ-ਨਾਲ ਟੋਰਾਂਟੋ ਦੇ ਹਵਾਈ ਸੰਪਰਕ ਨੂੰ ਵੱਡਾ ਝਟਕਾ ਲੱਗਾ | ਇਸੇ ਤਰ੍ਹਾਂ ਕੁਆਲਾਲੰਪੁਰ ਲਈ ਬਾਟਿਕ ਏਅਰ ਵਲੋਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ | ਘਰੇਲੂ ਖੇਤਰ ਵਿਚ ਵੀ ਇੰਡੀਗੋ ਅਤੇ ਏਅਰ ਇੰਡੀਆ ਨੇ ਉਡਾਣਾਂ ਦੀ ਗਿਣਤੀ ਘਟਾਈ ਸੀ, ਜੋ ਹੁਣ ਹੌਲੀ-ਹੌਲੀ ਸਥਿਰ ਹੋ ਰਹੀ ਹੈ | ਗੁਮਟਾਲਾ ਨੇ ਕਿਹਾ ਕਿ ਇਸ ਸਮੇਂ ਅੰਮਿ੍ਤਸਰ ਹਵਾਈ ਅੱਡਾ ਦੁਬਈ, ਸ਼ਾਰਜਾਹ, ਦੋਹਾ, ਬਰਮਿੰਘਮ, ਲੰਡਨ ਗੈਟਵਿੱਕ, ਸਿੰਗਾਪੁਰ, ਕੁਆਲਾਲੰਪੁਰ ਅਤੇ ਬੈਂਕਾਕ ਵਰਗੇ ਕੌਮਾਂਤਰੀ ਅਤੇ ਭਾਰਤੇ ਦੇ ਸ਼ਹਿਰਾਂ ਦਿੱਲੀ, ਮੁੰਬਈ, ਬੈਂਗਾਲੁਰੂ, ਸ੍ਰੀਨਗਰ, ਅਹਿਮਦਾਬਾਦ, ਹੈਦਰਾਬਾਦ, ਕੁੱਲੂ ਅਤੇ ਪੁਣੇ ਨਾਲ ਜੁੜਿਆ ਹੋਇਆ ਹੈ ਤੇ ਯਾਤਰੀਆਂ ਦੀ ਗਿਣਤੀ ਵਿਚ ਮੁੜ ਵਾਧਾ ਪੰਜਾਬ ਦੀ ਆਰਥਿਕਤਾ ਅਤੇ ਸੈਰ-ਸਪਾਟਾ ਖੇਤਰ ਲਈ ਸ਼ੁਭ ਸੰਕੇਤ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਪੰਦਰ੍ਹਵਾੜੇ ਦੌਰਾਨ ਪਾਠ ਕਰਨ ਵਾਲੀਆਂ ਬੀਬੀਆਂ ਨੂੰ ਪ੍ਰਧਾਨ ਸੰਗਵਾਂ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਅੰਮਿ੍ਤਸਰ ਨੂੰ ਪੂਰੀ ਤਰ੍ਹਾਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ: ਪ੍ਰੋ: ਚਾਵਲਾ
Ad Position 24