ਫਤਿਆਬਾਦ, 3 ਜਨਵਰੀ (ਹਰਵਿੰਦਰ ਸਿੰਘ ਧੂੰਦਾ)- ਪੱਤਰਕਾਰਾਂ ਸਮੇਤ 10 ਹੋਰਨਾਂ 'ਤੇ ਹੋਏ ਪਰਚਿਆਂ ਦੀ ਨਿਖੇਧੀ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਅਤੇ ਸੁਖਦੇਵ ਸਿੰਘ ਜਵੰਧਾ ਨੇ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਪੱਤਰਕਾਰ ਭਾਈਚਾਰੇ ਹੋਰ ਸੰਘਰਸ਼ ਕਰਦੇ ਲੋਕਾਂ 'ਤੇ ਪਰਚੇ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਲਗਾਤਾਰ ਕਰ ਰਹੀ ਹੈ | ਜਦੋਂਕਿ ਲੋਕਾਂ ਦੀ ਆਵਾਜ਼ ਕਦੇ ਵੀ ਨਹੀਂ ਦਬਾਈ ਜਾ ਸਕਦੀ | ਜਿਹੜੇ ਵਾਅਦੇ ਲੋਕਾਂ ਨਾਲ ਕਰਕੇ ਸਰਕਾਰ ਸੱਤਾ 'ਚ ਆਈ ਹੈ, ਜੇਕਰ ਉਸ ਸਰਕਾਰ ਤੋਂੋ ਪੱਤਰਕਾਰਾਂ ਨੇ ਸਵਾਲ ਪੁੱਛਣ 'ਤੇ ਕਿ ਹਰਾ ਪੈਨ ਨੌਜਵਾਨਾਂ ਦੇ ਰੁਜ਼ਗਾਰ ਦੇ ਲਈ ਚੱਲਣਾ ਸੀ ਅਤੇ ਨਸ਼ਾ ਮੁਕਤ ਪੰਜਾਬ ਕਰਨਾ ਸੀ, ਕਿਸਾਨਾਂ ਨੂੰ ਐੱਮ.ਐੱਸ.ਪੀ. ਦੇਣੀ ਸੀ, ਬੀਬੀਆਂ ਨੂੰ 1100 ਰੁਪਏ ਦੇਣਾ ਸੀ, ਉਸ ਨੂੰ ਭੁਲ ਕੇ ਭਗਵੰਤ ਮਾਨ ਦੀ ਸਰਕਾਰ ਇਨ੍ਹਾਂ ਸਵਾਲ ਪੁੱਛਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ | ਪੰਜਾਬ ਦਾ ਬੱਚਾ-ਬੱਚਾ ਸਰਕਾਰਾਂ ਨੂੰ ਸਵਾਲ ਕਰ ਰਿਹਾ ਹੈ ਕਿ ਮੁੱਖ ਮੰਤਰੀ ਵਿਦੇਸ਼ ਵਿਚ ਗਏ ਸੀ ਉਨ੍ਹਾਂ ਦਾ ਜਹਾਜ਼ ਕਿਸ ਨੇ ਚਲਾਇਆ | ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸਰਕਾਰ ਦੇ ਜਬਰ ਦਾ ਵਿਰੋਧ ਕਰੇਗੀ | ਇਸ ਮੌਕੇ ਸਲੱਖਣ ਸਿੰਘ ਤੁੜ ਤੋਂ ਇਲਾਵਾ ਲਾਜਰ ਲਾਖਣਾ, ਕੈਪਟਨ ਸਿੰਘ ਕਾਹਲਵਾਂ, ਬੌਬੀ ਗੋਇੰਦਵਾਲ ਸਾਹਿਬ, ਕਰਨਵੀਰ ਸਿੰਘ ਗੰਡੀਵਿੰਡ, ਸੁਖਵੰਤ ਸਿੰਘ ਛਾਪੜੀ ਸਾਹਿਬ ਤੇ ਹੋਰ ਹਾਜ਼ਰ ਸਨ |