ਗੋਇੰਦਵਾਲ ਸਾਹਿਬ, 24 ਜਨਵਰੀ (ਸਕੱਤਰ ਸਿੰਘ ਅਟਵਾਲ)- ਗੁਰੂ ਅਮਰਦਾਸ ਆਦਰਸ਼ ਇੰਸਟੀਟਿਊਟ ਗੋਇੰਦਵਾਲ ਸਾਹਿਬ ਵਿਖੇ ਗਣਤੰਤਰ ਦਿਵਸ ਬੜੇ ਹੀ ਸਤਿਕਾਰ, ਸ਼ਰਧਾ ਅਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਇੱਕ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਦੇਸ਼ ਪ੍ਰਤੀ ਆਦਰ ਅਤੇ ਸਮਰਪਣ ਦੀ ਭਾਵਨਾ ਪ੍ਰਗਟ ਕੀਤੀ ਗਈ | ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸੰਬੰਧਿਤ ਕੋਰਿਓਗ੍ਰਾਫੀ, ਗੀਤ, ਡਾਂਸ ਆਦਿ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨਾਂ ਰਾਹੀਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਬਲੀਦਾਨਾਂ ਨੂੰ ਯਾਦ ਕਰਵਾਇਆ | ਇਸ ਮੌਕੇ ਸਕੂਲ ਦੀ ਸਾਲ 2025 ਦੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਦਰਸਾਉਂਦੀ ਪੀ.ਪੀ.ਟੀ. ਵੀ ਦਿਖਾਈ ਗਈ, ਜਿਸ ਵਿਚ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿਚ ਹਾਸਲ ਕੀਤੀਆਂ ਸਫਲਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਇਹ ਪੀ.ਪੀ.ਟੀ. ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ | ਸਮਾਰੋਹ ਦੇ ਅੰਤ ਵਿਚ ਸਕੂਲ ਦੀ ਤਰੱਕੀ, ਉੱਨਤੀ ਅਤੇ ਉਜਵੱਲ ਭਵਿੱਖ ਦੀ ਕਾਮਨਾ ਕਰਦਿਆਂ ਕੇਕ ਕੱਟਿਆ ਗਿਆ | ਸੰਸਥਾ ਦੇ ਡਾਇਰੈਕਟਰ ਡਾਕਟਰ ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪਿ੍ੰਸੀਪਲ ਮਨੀਸ਼ਾ ਸੂਦ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾਂ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਵਿਦਿਆਰਥੀਆਂ ਵਿਚ ਦੇਸ਼ ਭਗਤੀ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ |