ਤਰਨ ਤਾਰਨ, 24 ਜਨਵਰੀ (ਇਕਬਾਲ ਸਿੰਘ ਸੋੋਢੀ)-ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ 23 ਜਨਵਰੀ 2026 ਨੂੰ ਜ਼ਿਲ੍ਹੇ ਦੇ ਸਾਰੇ ਆਂਗਨਵਾੜੀ ਕੇਂਦਰਾਂ ਵਿਚ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦਿਵਸ ਮਨਾਇਆ ਗਿਆ | ਇਸ ਦਿਵਸ ਦਾ ਮੁੱਖ ਵਿਸ਼ਾ ਬੱਚਿਆਂ ਦਾ ਭਾਵਨਾਤਮਕ ਵਿਕਾਸ ਕਰਨ ਸਬੰਧੀ ਰਿਹਾ | ਇਸ ਮੌਕੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਕਹਾਣੀ ਸੁਣਾਉਣਾ, ਭੂਮਿਕਾ ਨਿਭਾਉਣ ਵਾਲੀਆਂ ਗਤੀਵਿਧੀਆਂ, ਸਮੂਹਿਕ ਖੇਡਾਂ, ਚਿੱਤਰਕਾਰੀ, ਗੀਤ, ਇਮੋਸ਼ਨ ਸਟਿੱਕਰ ਬਣਾਉਣਾ, ਵੱਖ-ਵੱਖ ਚਿਹਰਿਆਂ ਰਾਹੀਂ ਭਾਵਨਾਵਾਂ ਦੀ ਪਹਿਚਾਣ ਅਤੇ 'ਮੈਂ ਅੱਜ ਕਿਵੇਂ ਮਹਿਸੂਸ ਕਰ ਰਿਹਾ ਹਾਂ', ਵਰਗੀਆਂ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਵਿਚ ਖੁਸ਼ੀ, ਉਦਾਸੀ, ਗੁੱਸਾ, ਡਰ ਅਤੇ ਪਿਆਰ ਵਰਗੀਆਂ ਭਾਵਨਾਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਸਕਾਰਾਤਮਕ ਢੰਗ ਨਾਲ ਪ੍ਰਗਟ ਕਰਨ ਦੀ ਸਮਰਥਾ ਵਿਕਸਿਤ ਕਰਨ ਉੱਤੇ ਜ਼ੋਰ ਦਿੱਤਾ ਗਿਆ | ਇਸ ਸੰਬੰਧ ਵਿਚ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਰਾਹੁਲ ਅਰੋੜਾ ਨੇ ਦੱਸਿਆ ਕਿ ਬੱਚਿਆਂ ਦਾ ਭਾਵਨਾਤਮਕ ਵਿਕਾਸ ਉਨ੍ਹਾਂ ਦੇ ਸਮੂਹਿਕ ਵਿਅਕਤੀਤਵ, ਸਮਾਜਿਕ ਵਿਹਾਰ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਅਹਿਮ ਹੈ | ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਭਾਵਨਾਤਮਕ ਅਤੇ ਸਮਾਜਿਕ ਵਿਕਾਸ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | ਕਾਰਜਕ੍ਰਮ ਦੌਰਾਨ ਆਂਗਨਵਾੜੀ ਵਰਕਰਾਂ ਵਲੋਂ ਬੱਚਿਆਂ ਲਈ ਖੁਸ਼ਗਵਾਰ, ਸੁਰੱਖਿਅਤ ਅਤੇ ਸਿੱਖਣ ਯੋਗ ਮਾਹੌਲ ਤਿਆਰ ਕੀਤਾ ਗਿਆ | ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਘਰ ਵਿਚ ਬੱਚਿਆਂ ਨਾਲ ਪਿਆਰ ਭਰਿਆ ਸੰਵਾਦ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਸੰਭਾਲਣ ਵਿਚ ਮਦਦ ਕਰਨ | ਇਹ ਕਾਰਜਕ੍ਰਮ ਬੱਚਿਆਂ ਦੀ ਸਮੂਹਿਕ ਤਰੱਕੀ ਲਈ ਵਿਭਾਗ ਦੀ ਵਚਨਬੱਧਤਾ ਦਾ ਪ੍ਰਤੀਕ ਹੈ |