ਤਰਨ ਤਾਰਨ, 27 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੇਰੋਂ ਵਿਖੇ ਸਥਿਤ ਖੰਡ ਮਿੱਲ ਨੂੰ ਪ੍ਰਾਈਵੇਟ ਹੱਥ ਦੇਣ ਦੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਤਿਆਰੀ ਕੀਤੀ ਜਾ ਰਹੀ ਹੈ, ਉਸ ਦੀ ਕਾਂਗਰਸ ਪਾਰਟੀ ਡੱਟ ਕੇ ਵਿਰੋਧ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੇਰੋਂ ਖੰਡ ਮਿੱਲ ਨੂੰ ਕਾਰਪੋਰਟ ਘਰਾਣਿਆਂ ਕੋਲ ਵੇਚਣ ਦੀ ਕੋਸ਼ਿਸ਼ 'ਆਪ' ਸਰਕਾਰ ਨੂੰ ਬਹੁਤ ਮਹਿੰਗੀ ਪਵੇਗੀ, ਕਿਉਂਕਿ ਇਸ ਕੋਸ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਤਰਨ ਤਾਰਨ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਇਨਕਲਾਬ ਦੇ ਨਾਅਰੇ ਲਗਾ ਕੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੇ ਦਗਮਜ਼ੇ ਮਾਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਸ਼ੇਰੋਂ ਖੰਡ ਮਿੱਲ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਕਿਸਾਨਾਂ ਮਜ਼ਦੂਰਾਂ ਲਈ ਆਮਦਨ ਦਾ ਸਰੋਤ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਕਿਸਾਨ ਇਸ ਮਿੱਲ ਵਿਚ ਆਪਣੀ ਗੰਨੇ ਦੀ ਫ਼ਸਲ ਲਿਆਉਂਦੇ ਰਹੇ ਹਨ | ਏਨਾ ਹੀ ਨਹੀਂ ਇਸ ਖੰਡ ਮਿੱਲ ਵਿਚ 60 ਫੀਸਦੀ ਹਿੱਸਾ ਕਿਸਾਨਾਂ ਦਾ ਹੈ ਜਦਕਿ ਸਿਰਫ਼ 40 ਫੀਸਦੀ ਹਿੱਸਾ ਸਰਕਾਰ ਦਾ ਹੈ, ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਕੁਚਲਦਿਆਂ ਹੋਇਆਂ ਸੇਰੋਂ ਖੰਡ ਮਿੱਲ ਨੂੰ ਪ੍ਰਾਈਵੇਟ ਘਰਾਣਿਆਂ ਕੋਲ ਵੇਚਣ ਲਈ ਬਜ਼ਿੱਦ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਆਪ ਸਰਕਾਰ ਦੀ ਇਸ ਕੋਸ਼ਿਸ਼ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਸ਼ਹਿਰੀ ਕਾਂਗਰਸ ਕਮੇਟੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਰਿਤਿਕ ਅਰੋੜਾ, ਅਵਤਾਰ ਸਿੰਘ ਤਨੇਜਾ, ਅੰਗਰੇਜ਼ ਸਿੰਘ ਖੱਬੇ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ ਸਰਪੰਚ ਲਹੀਆਂ, ਉਤਮ ਸਿੰਘ ਸਰਪੰਚ, ਪਵਨਦੀਪ ਸਿੰਘ ਖਾਲਸਾ, ਸੁਖਚੈਨ ਸਿੰਘ ਖਾਲਸਾ, ਛਤਰਪਾਲ ਸਿੰਘ, ਸੁਰਜੀਤ ਸਿੰਘ ਸਰਪੰਚ, ਸਾਹਿਬ ਸਿੰਘ ਚੱਕਵਾਲੀਆ, ਕੁਲਬੀਰ ਸਿੰਘ, ਲਖਬੀਰ ਸਿੰਘ ਰੱਤੋਕੇ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |