ਭਿੱਖੀਵਿੰਡ, 28 ਜਨਵਰੀ (ਬੌਬੀ)-18ਵੀਂ ਸਦੀ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਪਹੂਵਿੰਡ ਗੁਰਦੁਆਰਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੈਲਫੇਅਰ ਪੰਜਾਬ ਵਲੋਂ ਧਾਰਮਿਕ ਮੁਫ਼ਤ ਲਿਟਰੇਚਰ ਦਾ ਲੰਗਰ ਲਗਾਇਆ ਗਿਆ, ਜਿਸ ਨੂੰ ਵੰਡਣ ਦੀ ਸੇਵਾ ਸਤਨਾਮ ਸਿੰਘ ਜੰਡ ਖਾਲੜਾ, ਗੁਰਪ੍ਰੀਤ ਸਿੰਘ ਸ਼ੈਡੀ ਖਾਲੜਾ, ਨਿਰਬਾਨਪ੍ਰੀਤ ਸਿੰਘ, ਹਰਮੀਤ ਸਿੰਘ ਭਿੱਖੀਵਿੰਡ, ਗੁਰਸੇਵਕ ਸਿੰਘ ਡੱਲ, ਹਰਚੰਦ ਸਿੰਘ ਡੱਲ ਨਿਭਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਨੇ ਦੱਸਿਆ ਕਿ ਇਹ ਲਿਟਰੇਚਰ ਜਿਸ ਵਿਚ ਸਾਕਾ ਨਨਕਾਣਾ ਸਾਹਿਬ, ਗੁਰੂ ਕੀਆਂ ਸਾਖੀਆਂ, ਸਾਕਾ ਚਮਕੌਰ, ਸਾਕਾ ਸਰਹੰਦ ਆਦਿ ਹੋਰ ਕਿਤਾਬਾਂ ਮੌਜੂਦ ਸਨ, ਜੋ ਕਿ ਬਾਹਰੋਂ ਆਈਆਂ ਸੰਗਤਾਂ ਤੱਕ ਪਹੁੰਚਾਈਆਂ ਗਈਆਂ | ਇਸ ਮਗਰ ਕੇਵਲ ਇਹ ਹੀ ਮਕਸਦ ਸੀ ਕਿ ਜੋ ਸੰਗਤਾਂ ਦੂਰੋਂ ਨੇੜਿਓਾ ਚੱਲ ਕੇ ਆਈਆਂ ਹਨ, ਉਹ ਆਪ ਇਸ ਲਿਟਰੇਚਰ ਨੂੰ ਪੜ੍ਹਨ ਅਤੇ ਆਪਣੇ ਬੱਚਿਆਂ ਨੂੰ ਇਹ ਸਾਖੀਆਂ ਸੁਣਾਉਣ, ਤਾਂ ਕਿ ਆਉਣ ਵਾਲੀ ਪੀੜੀ ਬੱਚਿਆਂ ਨੂੰ ਗੁਰੂ ਇਤਿਹਾਸ, ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ 'ਤੇ ਜਿੱਥੇ ਹੋਰ ਸਰੀਰਕ ਤਿ੍ਪਤੀ ਵਾਸਤੇ ਲੰਗਰ ਲਗਾਏ ਜਾਂਦੇ ਹਨ, ਉਥੇ ਆਤਮਿਕ ਤਿ੍ਪਤੀ ਵਾਸਤੇ ਗੁਰੂ ਗਿਆਨ ਧਾਰਮਿਕ ਕਿਤਾਬਾਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਹਨ | ਲਿਟਰੇਚਰ ਘਰ-ਘਰ ਵਿਚ ਪਹੁੰਚਾਉਣ ਦਾ ਉਦਮ ਉਪਰਾਲਾ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਇਆ ਕਰੇਗੀ ਕਿ ਹਰ ਸਾਲ ਹੀ ਇਸ ਮੇਲੇ 'ਤੇ ਧਾਰਮਿਕ ਲਿਟਰੇਚਰ ਘਰ ਘਰ ਪਹੁੰਚਾਉਣ ਵਾਸਤੇ ਸੰਗਤਾਂ ਨੂੰ ਵੰਡਿਆ ਜਾਵੇ |