ਫਤਿਆਬਾਦ, 28 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਐੱਸ.ਵਾਈ.ਐੱਲ. ਦਾ ਮੁੱਦਾ ਪੰਜਾਬ ਅਤੇ ਹਰਿਆਣਾ ਵਿਚਕਾਰ ਕੋਈ ਨਵਾਂ ਨਹੀਂ, ਸਗੋਂ ਦਹਾਕਿਆਂ ਤੋਂ ਚੱਲਦਾ ਆ ਰਿਹਾ ਇਕ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੇ ਪਾਣੀ ਦੇ ਹੱਕ ਲਈ ਡੱਟ ਕੇ ਲੜਾਈ ਲੜੀ ਹੈ ਅਤੇ ਅੱਜ ਵੀ ਲੜ ਰਿਹਾ ਹੈ | ਬ੍ਰਹਮਪੁਰਾ ਨੇ ਸਵਾਲ ਉਠਾਇਆ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਤੱਕ ਇਹ ਕਹਿੰਦਾ ਸੀ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਯੋਗ ਇਕ ਬੂੰਦ ਪਾਣੀ ਵੀ ਨਹੀਂ, ਉਹ ਅੱਜ ਭਾਈ ਘਨੱਈਆ ਜੀ ਦੇ ਇਤਿਹਾਸ ਦਾ ਹਵਾਲਾ ਦੇ ਕੇ ਹਰਿਆਣਾ ਨਾਲ ਸਮਝੌਤੇ ਦੀ ਗੱਲ ਕਿਉਂ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਨੇ ਜੰਗ ਦੇ ਮੈਦਾਨ ਵਿਚ ਜ਼ਖ਼ਮੀਆਂ ਨੂੰ ਪਾਣੀ ਪਿਲਾਇਆ ਸੀ, ਪਰ ਇਤਿਹਾਸ ਇਹ ਵੀ ਸਪੱਸ਼ਟ ਕਰਦਾ ਹੈ ਕਿ ਕਿਸੇ ਵੀ ਸਿੱਖ ਨੇ ਆਪਣੇ ਹੱਕਾਂ, ਆਪਣੀ ਧਰਤੀ ਅਤੇ ਆਪਣੇ ਵਜੂਦ ਨਾਲ ਕਦੇ ਸਮਝੌਤਾ ਨਹੀਂ ਕੀਤਾ | ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਲਈ ਖੇਤੀ ਯੋਗ ਪਾਣੀ ਹੋਣਾ ਬਹੁਤ ਜ਼ਰੂਰੀ ਹੈ | ਪੰਜਾਬ ਉਹ ਸੂਬਾ ਹੈ ਜੋ ਆਪਣੀ ਮਿੱਟੀ ਅਤੇ ਕਿਸਾਨ ਦੀ ਅਥਾਹ ਮਿਹਨਤ ਨਾਲ ਦੇਸ਼ ਹੀ ਨਹੀਂ, ਸਗੋਂ ਪੂਰੀ ਦੁਨੀਆ ਦਾ ਢਿੱਡ ਭਰਦਾ ਆ ਰਿਹਾ ਹੈ | ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਪੁੱਛਿਆ ਕਿ ਐੱਸ.ਵਾਈ.ਐੱਲ. ਰਾਹੀਂ ਹਰਿਆਣਾ ਨੂੰ ਪਾਣੀ ਦੇ ਕੇ ਪੰਜਾਬ ਦੇ ਕਿਸਾਨ ਨੂੰ ਕੀ ਲਾਭ ਹੋਵੇਗਾ? ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਾਫ਼ ਹੈ ਕੋਈ ਲਾਭ ਨਹੀਂ | ਬ੍ਰਹਮਪੁਰਾ ਨੇ ਕਿਹਾ ਕਿ ਭਗਵੰਤ ਮਾਨ ਇਕ ਕਲਾਕਾਰ ਹਨ ਜੋ ਭਾਵਨਾਵਾਂ ਨਾਲ ਖੇਡਣਾ ਬਖ਼ੂਬੀ ਜਾਣਦੇ ਹਨ, ਪਰ ਪੰਜਾਬ ਦੇ ਪਾਣੀ ਵਰਗੇ ਗੰਭੀਰ ਮੁੱਦੇ 'ਤੇ ਭਾਵੁਕ ਬਿਆਨਾਂ ਨਾਲ ਨਹੀਂ, ਸਗੋਂ ਹੱਕਾਂ ਦੀ ਰੱਖਿਆ ਨਾਲ ਫੈਸਲੇ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਹੈ ਅਤੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਦਾ |
ਐੱਸ.ਵਾਈ.ਐੱਲ. ਮੁੱਦੇ 'ਤੇ ਭਾਵਨਾਵਾਂ ਨਹੀਂ, ਹੱਕਾਂ ਦੀ ਰੱਖਿਆ ਲੋੜੀਂਦੀ-ਬ੍ਰਹਮਪੁਰਾ <br/>
ਅਜੀਤ ਡੈਸਕ
29-01-2026