ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)ਜ਼ਿਲ੍ਹਾ ਪੁਲਿਸ ਵਲੋਂ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਵੱਖ-ਵੱਖ ਥਾਵਾਂ 'ਤੇ ਕੀਤੀ ਕਾਰਵਾਈ ਦੌਰਾਨ ਹੈਰੋਇਨ ਅਤੇ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਹਰਵਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬਲਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਅਲਾਦੀਨਪੁਰ ਨੂੰ ਕਾਬੂ ਕਰਕੇ ਉਸ ਪਾਸੋਂ 7 ਗ੍ਰਾਮ ਹੈਰੋਇਨ ਅਤੇ 1150 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਗੋਇੰਦਵਾਲ ਦੇ ਐੱਸ.ਆਈ. ਲਖਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਪੁੱਲ ਡੰਡੀਆਂ ਵਾਲਾ ਨਜ਼ਦੀਕ ਨਾਕਾਬੰਦੀ ਦੌਰਾਨਵ ਮਨਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਤਿਆਬਾਦ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਅਤੇ 1590 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਐੱਸ.ਆਈ. ਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਵਲਟੋਹਾ ਦੀਆਂ ਮੜੀਆਂ ਵਿਚ ਨਸ਼ੇ ਦਾ ਸੇਵਨ ਕਰ ਰਹੇ ਨਿਸ਼ਾਨ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਕਾਲੀਆ ਨੂੰ ਕਾਬੂ ਕਰਕੇ ਉਸ ਪਾਸੋਂ ਸਿਲਵਰ ਪੰਨੀ ਪੇਪਰ, ਲਾੀਟਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਸਾਹਿਬ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਡੱਲ ਵਿਚ ਡਰੋਨ ਰਾਹੀਂ ਡਰੋਪਿੰਗ ਹੋਈ ਹੈ ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ. 142 ਬਟਾਲੀਆਨ ਦੇ ਕੰਪਨੀ ਕਮਾਂਡਰ ਅਬੇ ਸਿੰਘ ਨੂੰ ਸੂਚਨਾ ਦਿੱਤੀ ਤਾਂ ਬੀ.ਐੱਸ.ਐੱਫ ਜਵਾਨਾਂ ਨੂੰ ਨਾਲ ਲੈ ਕੇ ਪਿੰਡ ਡੱਲ ਵਿਖੇ ਸਰਚ ਕੀਤੀ ਤਾਂ ਮੁਖਤਿਆਰ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਡੱਲ ਦੇ ਖੇਤ ਵਿਚ ਇਕ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ | ਜਿਸ ਨੂੰ ਜਦੋਂ ਖੋਲ ਕੇ ਚੈਕ ਕੀਤਾ ਗਿਆ ਤਾਂ ਉਸ ਵਿਚੋਂ 862 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਐੱਨ.ਡੀ.ਪੀ.ਐੱਸ.ਐਕਟ ਅਤੇ ਏਅਰ ਕਰਾਫਟ ਐਕਟ ਤਹਿਤ ਮਾਮਲੇ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |