ਤਰਨ ਤਾਰਨ, 31 ਜਨਵਰੀ (ਇਕਬਾਲ ਸਿੰਘ ਸੋਢੀ)- ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਸੰਸਥਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੰਡੀਵਿੰਡ ਨੇ ਦੱਸਿਆ ਕਿ ਸੰਸਥਾ ਵਲੋਂ ਸੂਬਾ ਪੱਧਰੀ ਰੋਸ ਧਰਨਾ 15 ਜਨਵਰੀ ਤੋਂ 23 ਜਨਵਰੀ ਤੱਕ ਲਗਾਇਆ ਗਿਆ ਸੀ, ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਪੱਤਰ ਧਰਨੇ ਦੌਰਾਨ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੂੰ ਸੌਂਪਿਆ ਗਿਆ | ਮੀਟਿੰਗ ਦੇ ਵਿਸ਼ਵਾਸ ਤੋਂ ਬਾਅਦ ਸਾਰੇ ਸੁਤੰਤਰਤਾ ਸੰਗਰਾਮੀਆਂ ਨੇ ਗਣਤੰਤਰ ਦਿਵਸ ਮੌਕੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਪਰ ਸੂਬਾ ਸਰਕਾਰ ਦੇ ਸਮਾਨ ਦਾ ਬਾਈਕਾਟ ਕੀਤਾ | 28 ਜਨਵਰੀ ਨੂੰ ਚੰਡੀਗੜ੍ਹ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਅਤੇ ਸੁਤੰਤਰਤਾ ਸੰਗਰਾਮੀ ਵਿਭਾਗ ਪੰਜਾਬ ਦੇ ਅਡੀਸ਼ਨਲ ਸਕੱਤਰ ਰਾਜਪਾਲ ਸਿੰਘ ਵਿਚਕਾਰ ਬੜੇ ਸੁਖਾਵੇਂ ਮਾਹੌਲ ਵਿਚ ਹੋਈ | ਮੀਟਿੰਗ ਦੌਰਾਨ ਵੱਖ-ਵੱਖ ਹੱਕੀ ਮੰਗਾਂ 'ਤੇ ਸਾਰਥਿਕ ਚਰਚਾ ਹੋਈ | ਸੂਬਾ ਸਰਕਾਰ ਦੇ ਪ੍ਰਤੀਨਿਧ ਵਜੋਂ ਸ਼ਾਮਿਲ ਹੋਏ ਨਵਰਾਜ ਸਿੰਘ ਬਰਾੜ ਨੇ ਸਾਰੀਆਂ ਮੰਗਾਂ 'ਤੇ ਸਹਿਮਤੀ ਜਤਾਈ ਤੇ ਕਿਹਾ ਕਿ ਵਿਭਾਗ ਦੇ ਮੰਤਰੀ ਨਾਲ ਤਾਲਮੇਲ ਕਰਕੇ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ | ਪ੍ਰਧਾਨ ਗੰਡੀਵਿੰਡ ਨੇ ਕਿਹਾ ਕਿ ਸੰਸਥਾ ਨੂੰ ਉਮੀਦ ਹੈ ਕਿ ਸਰਕਾਰ ਸਾਡੀਆਂ ਮੰਗਾਂ ਸੰਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕਰੇਗੀ, ਜੇਕਰ ਸਰਕਾਰ ਨੇ ਫਿਰ ਤੋਂ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਕਾਨੂੰਨੀ ਵਾਰਿਸਾਂ ਨੂੰ ਅਣਗੌਲਿਆਂ ਕੀਤਾ ਤਾਂ ਸਾਨੂੰ ਤਿੱਖਾ ਸੰਘਰਸ਼ ਕਰਨ ਦੀ ਮਜ਼ਬੂਰ ਹੋਣਾ ਪਵੇਗਾ | ਇਸ ਮੌਕੇ ਜ਼ਿਲ੍ਹਾ ਸਕੱਤਰ ਸਕੱਤਰ ਸਿੰਘ ਪਹੂਵਿੰਡ, ਮੋਹਨ ਸਿੰਘ ਖਜ਼ਾਨਚੀ ਤੋਂ ਇਲਾਵਾ ਸੰਸਥਾ ਦੇ ਹੋਰ ਆਗੂ ਮੌਜੂਦ ਸਨ |