ਗੋਇੰਦਵਾਲ ਸਾਹਿਬ, 2 ਫਰਵਰੀ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਯੂਥ ਆਗੂ ਹਰਦੀਪ ਸਿੰਘ ਖੱਖ ਨੇ ਕਿਹਾ ਕਿ ਨਿਧੜਕ ਤੇ ਬੇਬਾਕ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿਚ ਸੁਪਰੀਮ ਕੋਰਟ ਵਲੋਂ ਮਿਲੀ ਜ਼ਮਾਨਤ ਸੱਚ ਦੀ ਜਿੱਤ, ਸਿਆਸੀ ਬਦਲੇ ਦੀ ਹਾਰ ਅਤੇ ਇਨਸਾਫ਼ ਦੀ ਵੱਡੀ ਜਿੱਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੂਰਾ ਜੋਰ ਲਾਇਆ ਕਿ ਮਜੀਠੀਆ ਨੂੰ ਜੇਲ੍ਹ ਵਿਚ ਹੀ ਰੱਖਿਆ ਜਾਵੇ, ਪਰ ਹਕੀਕਤ ਇਹ ਹੈ ਕਿ ਸਰਕਾਰ ਕੋਲ ਕੋਈ ਵੀ ਪੱਕਾ ਤੇ ਠੋਸ ਸਬੂਤ ਮੌਜੂਦ ਨਹੀਂ ਸੀ | ਇਸੇ ਕਾਰਨ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇਨਸਾਫ਼ ਦੇ ਅਧਾਰ 'ਤੇ ਫ਼ੈਸਲਾ ਸੁਣਾਇਆ | ਉਨ੍ਹਾਂ ਕਿਹਾ ਕਿ ਇਹ ਕੇਸ ਸਿਆਸੀ ਬਦਲੇ ਦੀ ਸੋਚ ਨਾਲ ਬਣਾਇਆ ਗਿਆ ਸੀ, ਕਿਉਂਕਿ ਬਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਦੀਆਂ ਨਾਕਾਮੀਆਂ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਅਤੇ ਸਬੂਤਾਂ ਸਮੇਤ ਸਰਕਾਰ ਨੂੰ ਮੀਡੀਆ ਸਾਹਮਣੇ ਬੇਨਕਾਬ ਕਰਦੇ ਰਹੇ | ਉਨ੍ਹਾਂ ਦੱਸਿਆ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋਈਆਂ ਹਨ ਅਤੇ ਇਹ ਫ਼ੈਸਲਾ ਸਾਬਤ ਕਰਦਾ ਹੈ ਕਿ ਲੋਕਤੰਤਰ ਵਿਚ ਝੂਠ ਕਦੇ ਵੀ ਸੱਚ 'ਤੇ ਭਾਰੂ ਨਹੀਂ ਹੋ ਸਕਦਾ | ਅੰਤ ਵਿਚ ਲਾਹੌਰੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੱਚ, ਇਨਸਾਫ਼ ਅਤੇ ਪੰਜਾਬ ਦੇ ਹੱਕਾਂ ਲਈ ਡੱਟ ਕੇ ਲੜਦਾ ਰਿਹਾ ਹੈ ਅਤੇ ਅੱਗੇ ਵੀ ਇਹ ਲੜਾਈ ਪੂਰੇ ਜੋਰ ਨਾਲ ਜਾਰੀ ਰਹੇਗੀ |