ਝਬਾਲ, 23 ਫਰਵਰੀ (ਸੁਖਦੇਵ ਸਿੰਘ)-ਲੋਕਾਂ ਦੀ ਖੱਜਲ ਖ਼ੁਆਰੀ ਰੋਕਣ ਲਈ ਅਕਾਲੀ ਸਰਕਾਰ ਵੇਲੇ ਲਗਪਗ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਵਿਰਾਸਤੀ ਦਿੱਖ ਵਾਲਾ ਬੱਸ ਅੱਡਾ 10 ਸਾਲ ਬੀਤ ਜਾਣ ਬਾਅਦ ਵੀ ਲੋਕ ਅਰਪਿਤ ਨਾ ਹੋਣ ਕਰਕੇ ਮੁਸਾਫਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਜਿਥੇ ਮੁਸਾਫਿਰਾਂ ਨੂੰ ਇਕ ਅੱਡੇ ਤੋਂ ਦੂਜੇ ਅੱਡੇ 'ਤੇ ਜਾਣ ਲਈ ਲਗਪਗ ਅੱਧਾ ਕਿਲੋਮੀਟਰ ਦਾ ਸਫ਼ਰ ਪੈਦਲ ਹੀ ਕਰਨਾ ਪੈਂਦਾ, ਉਥੇ ਬੱਸਾਂ ਸੜਕਾਂ ਦੇ ਫੁੱਟਪਾਥਾਂ ਤੇ ਖੜ੍ਹਨ ਕਰਕੇ ਆਵਾਜਾਈ ਵਿਚ ਵੀ ਭਾਰੀ ਵਿਘਣ ਪੈ ਰਿਹਾ ਹੈ | ਇਸ ਬੱਸ ਅੱਡੇ ਦਾ ਨੀਂਹ ਪੱਥਰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 22 ਦਸੰਬਰ 2015 ਨੂੰ ਰੱਖਿਆ ਸੀ | ਢਾਈ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਵਿਰਾਸਤ ਦਿੱਖ ਵਾਲੇ ਬੱਸ ਅੱਡੇ ਤੋਂ ਇਲਾਵਾ ਸਾਪਿੰਗ ਕੰਪਲੈਕਸ ਬਣਾਇਆ ਗਿਆ ਸੀ | ਜਿਸ 'ਚ 26 ਦੁਕਾਨਾਂ ਤੇ ਇਕ ਕੰਟੀਨ ਬਣਾਈ ਗਈ | ਉਸਾਰੇ ਗਏ ਬੱਸ ਅੱਡੇ ਦਾ ਰਸਮੀ ਉਦਘਾਟਨ ਉਸ ਵੇਲੇ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ 26 ਦਸੰਬਰ 2016 ਨੂੰ ਕੀਤਾ, ਪਰ ਉਦਘਾਟਨ ਤੋਂ ਬਾਅਦ ਕੋਈ ਬੱਸ ਅੱਡੇ ਵਿਚ ਦਾਖਲ ਨਹੀਂ ਹੋਈ | ਮੌਜੂਦਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਇਸ ਬੱਸ ਅੱਡੇ ਨੂੰ ਚਾਲੂ ਕਰਨ ਦੇ ਮਕਸਦ ਨਾਲ ਮੁੜ 6 ਫਰਵਰੀ 2023 ਨੂੰ ਇਸ ਦਾ ਉਦਘਾਟਨ ਕਰਕੇ ਇਥੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਪਰ ਉਸ ਤੋਂ ਬਾਅਦ ਵੀ ਕੋਈ ਬੱਸ ਅੱਡੇ 'ਚ ਦਾਖਲ ਨਹੀਂ ਹੋਈ | ਉਸਾਰੇ ਗਏ ਬੱਸ ਅੱਡੇ 'ਚ ਇਸ ਵੇਲੇ ਲੋਕਾਂ ਨੇ ਇਥੇ ਬਾਲਣ ਸੁੱਟਿਆ ਹੋਇਆ ਹੈ ਅਤੇ ਖ਼ਸਤਾ ਹਾਲ ਆਪਣੇ ਨਿੱਜੀ ਵਾਹਨ ਖੜ੍ਹੇ ਕੀਤੇ ਹੋਏ ਹਨ | ਲਗਪਗ ਇਕ ਸਾਲ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀਆਂ ਵਲੋਂ ਅੱਡੇ ਨੂੰ ਚਾਲੂ ਕਰਨ ਦੇ ਮਕਸਦ ਨਾਲ ਡੀ. ਡੀ. ਪੀ. ਓ. ਦੀ ਹਾਜ਼ਰੀ 'ਚ ਬੋਲੀ ਕਰਵਾਈ ਗਈ ਸੀ | ਚੇਅਰਮੈਨ ਰਮਨ ਕੁਮਾਰ ਨੇ 92500 ਰੁਪਏ ਦੀ ਬੋਲੀ ਦੇ ਕੇ ਇਸ ਬੱਸ ਅੱਡੇ ਨੂੰ ਠੇਕੇ 'ਤੇ ਲੈ ਲਿਆ, ਜਿਸ ਦੀ ਉਸ ਵਲੋਂ ਮਹਿਕਮੇ ਨੂੰ ਦੋ ਲੱਖ ਰੁਪਏ ਸਕਿਊਟਰੀ ਜਮਾਂ ਕਰਵਾ ਦਿੱਤੀ ਗਈ | ਮੌਕੇ 'ਤੇ ਡੀ. ਡੀ. ਪੀ. ਓ. ਵਲੋਂ ਅੱਡੇ ਵਿਚ ਬੱਸਾਂ ਦਾ ਦਾਖਲਾ ਕਰਵਾਉਣ ਤੋਂ ਇਲਾਵਾ ਰਹਿੰਦੇ ਕੰਮ ਨੂੰ ਨੇਪਰੇ ਚਾੜ੍ਹਨ ਅਤੇ ਸਫਾਈ ਕਰਵਾ ਕੇ ਉਨ੍ਹਾਂ ਹਵਾਲੇ ਕਰਨ ਦਾ ਵਿਸ਼ਵਾਸ ਦਿਵਾਇਆ ਸੀ | ਚੇਅਰਮੈਨ ਰਮਨ ਕੁਮਾਰ ਨੇ ਦੱਸਿਆ ਕਿ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਬੱਸਾਂ ਅੱਡੇ ਅੰਦਰ ਬੱਸਾਂ ਦਾਖਲ ਹੋਈਆ ਤੇ ਨਾ ਹੀ ਮਹਿਕਮੇ ਦੇ ਅਧਿਕਾਰੀਆਂ ਕੋਲੋਂ ਰਹਿੰਦੇ ਕੰਮ ਨੇਪਰੇ ਚਾੜੇ ਗਏ | ਉਨ੍ਹਾਂ ਦੱਸਿਆ ਕਿ ਅੱਡੇ 'ਚ ਬੱਸਾਂ ਦੀ ਇੰਟਰੀ ਕਰਵਾਉਣ ਲਈ ਅਨੇਕਾਂ ਵਾਰ ਹੀ ਡੀ. ਡੀ. ਪੀ. ਓ. ਤੇ ਸੰਬੰਧਿਤ ਜੀ. ਐਮ. ਨੂੰ ਮਿਲ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋਇਆ | ਇਸ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਦੇ ਸੁਪਰਡੈਂਟ ਮਨਜਿੰਦਰ ਸਿੰਘ ਨੇ ਕਿਹਾ ਕਿ ਬੱਸ ਅੱਡੇ 'ਚ ਬੱਸਾਂ ਦੀ ਐਂਟਰੀ ਲਾਜ਼ਮੀ ਬਣਾਉਣ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਅਨੇਕਾਂ ਵਾਰ ਲਿਖ਼ਤੀ ਤੌਰ 'ਤੇ ਭੇਜਿਆਂ ਗਿਆ ਹੈ ਪਰ ਟਰਾਂਸਪੋਰਟ ਮਹਿਕਮੇ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ | ਜਿਸ ਕਰਕੇ ਬੱਸਾਂ ਅੱਡੇ 'ਚ ਦਾਖਲ ਨਹੀਂ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਹੁਣ ਬੱਸ ਅੱਡੇ ਤੋਂ ਇਲਾਵਾ ਨਵੇਂ ਸਿਰੇ ਤੋਂ ਇੱਕਲੀਆਂ ਦੁਕਾਨਾਂ ਦੀ ਬੋਲੀ ਕਰਵਾਈ ਜਾ ਰਹੀ ਹੈ | ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਸਕੱਤਰ ਦਲਜੀਤ ਸਿੰਘ ਐਮਾ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਬੱਸ ਅੱਡਾ ਜੇਕਰ ਚਾਲੂ ਹੀ ਨਹੀਂ ਕਰਨਾ ਸੀ ਤਾਂ ਫਿਰ ਸੂਬੇ ਦਾ ਸਰਮਾਇਆ ਕਿਉਂ ਖ਼ਰਾਬ ਕੀਤਾ ਗਿਆ |