ਗੱਗੋਮਾਹਲ, 23 ਫਰਵਰੀ (ਬਲਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਮੁਤਾਬਿਕ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਕਪਤਾਨ ਅੰਮਿ੍ਤਸਰ ਦਿਹਾਤੀ, ਉਪ ਪੁਲਿਸ ਕਪਤਾਨ ਅਜਨਾਲਾ ਦੇ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਮਦਾਸ ਨੂੰ ਉਦੋਂ ਭਾਰੀ ਸਫਲਤਾ ਹੱਥ ਲੱਗੀ ਜਦੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਪਿੰਡ ਥੋਬਾ ਦੇ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਕੱਚੀ ਸ਼ਰਾਬ ਸਮੇਤ ਕਾਬੂ ਕੀਤਾ | ਮੁੱਖ ਅਫਸਰ ਥਾਣਾ ਰਮਦਾਸ ਐੱਸ.ਆਈ. ਅਰਜੁਨ ਕੁਮਾਰ, ਚੌਂਕੀ ਗੱਗੋਮਾਹਲ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਪਾਸੋਂ ਇਤਲਾਹ ਮਿਲੀ ਸੀ ਕਿ ਪਿੰਡ ਥੋਬਾ ਦਾ ਗੱਜਣ ਸਿੰਘ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦਾ ਹੈ | ਜੇਕਰ ਤੁਰੰਤ ਪੁਲਿਸ ਪਾਰਟੀ ਛਾਪਾ ਮਾਰੀ ਕਰੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਹੈ | ਇਸੇ ਅਧਾਰ 'ਤੇ ਇਕ ਪੁਲਿਸ ਪਾਰਟੀ ਧੁੱਸੀ ਬੰਨ੍ਹ ਦੇ ਨੇੜੇ ਪਹੁੰਚੀ ਤਾਂ ਗੱਜਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਥੋਬਾ ਦੀ ਬਹਿਕ ਤੋਂ ਪਾਣੀ ਵਾਲੀ ਟੈਂਕੀ ਵਿਚ ਮੌਜੂਦ 500 ਲੀਟਰ ਲਾਹਣ ਤੇ ਸ਼ਰਾਬ ਤਿਆਰ ਕਰਨ ਵਾਲੀ ਭੱਠੀ ਦਾ ਸਾਮਾਨ ਸਮੇਤ ਕਾਬੂ ਕੀਤਾ | ਪੁਲਿਸ ਥਾਣਾ ਰਮਦਾਸ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |