ਚੋਹਲਾ ਸਾਹਿਬ, 24 ਫਰਵਰੀ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਨਿਊ ਲਾਈਫ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕਰਦੇ ਹੋਏ ਐਜੂਕੇਸ਼ਨ ਪੰਜਾਬ ਪ੍ਰਾਜੈਕਟ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸਾਢੇ 300 ਸਾਲਾ ਸ਼ਹੀਦੀ ਦਿਹਾੜੇ ਅਤੇ ਰੰਗਰੇਟਾ ਗੁਰੂ ਕਾ ਬੇਟਾ ਬਖਸ਼ਿਸ਼ ਦਿਵਸ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਮੁਕਾਬਲੇ ਵਿਚ ਭਾਗ ਲੈਂਦੇ ਹੋਏ ਮੁਹਰਲੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਮੈਡਮ ਸਰੋਜ ਬਾਲਾ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ਵਿਚ ਇਕ ਲੱਖ ਬੱਚਿਆਂ ਨੇ ਭਾਗ ਲਿਆ ਜਿਸ ਵਿਚੋਂ 6 ਹਜ਼ਾਰ ਬੱਚਿਆਂ ਦੀ ਚੋਣ ਕੀਤੀ ਗਈ | ਇਨ੍ਹਾਂ 6 ਹਜ਼ਾਰ ਬੱਚਿਆਂ ਵਿਚੋਂ ਉਨ੍ਹਾਂ ਦੇ ਨਿਊ ਲਾਈਫ ਪਬਲਿਕ ਸਕੂਲ ਦੇ ਚਾਰ ਹੋਣਹਾਰ ਵਿਦਿਆਰਥਣਾਂ ਰਮਨਦੀਪ ਕੌਰ, ਹਰਮਨਦੀਪ ਕੌਰ, ਸੰਦੀਪ ਕੌਰ ਜੋ ਉਨ੍ਹਾਂ ਦੇ ਸਕੂਲ ਵਿਚ ਬਾਰ੍ਹਵੀਂ ਐੱਨ.ਐੱਮ, ਜਮਾਤ ਦੀਆਂ ਵਿਦਿਆਰਥਣਾਂ ਹਨ ਅਤੇ ਅਤੇ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਦੀ ਚੋਣ ਹੋਈ, ਇਨ੍ਹਾਂ ਵਿਦਿਆਰਥਨਾਂ ਨੇ ਕਰਵਾਏ ਗਏ ਮੁਕਾਬਲਿਆਂ ਵਿਚ ਦੂਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਜਿਨਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਪਹੁੰਚਣ 'ਤੇ ਉਨਾਂ ਦੇ ਸਮੂਹ ਅਧਿਆਪਕਾਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੈਡਮ ਸਰੋਜ ਬਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਵਿਦਿਆ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਲਈ ਸਮੇਂ-ਸਮੇਂ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਰੁਚੀ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਰੁਝਾਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ | ਜਿਸਦੇ ਨਤੀਜੇ ਵਜੋਂ ਵਿਦਿਆਰਥੀ ਸਮੇਂ-ਸਮੇਂ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ |