ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 26 ਫਰਵਰੀ ਨੂੰ ੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀਆ ਮੁਕੰਮਲ ਕਰ ਲਈਆ ਹਨ | ਇਹ ਜਾਣਕਾਰੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਤਰਨ ਤਾਰਨ ਦੇ ਸਕੱਤਰ ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਮਾਣੋਚਾਹਲ ਨੇ ਦਿੱਤੀ | ਉਨਵਾਂ ਕਿਹਾ ਕਿ ਪੰਜਾਬ ਦੇ ਪੁਨਰਗਠਨ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਬੇਇਨਸਾਫ਼ੀ ਹੁੰਦੀ ਆਈ ਹੈ | ਹੁਣ ਤੱਕ ਨਾ ਤਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕੀਤਾ ਅਤੇ ਨਾ ਹੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ | ਬੀ.ਬੀ.ਐੱਮ.ਬੀ ਸਮੇਤ ਹੋਰ ਬਹੁਤ ਸਾਰੇ ਮਸਲੇ ਹਾਲੇ ਤੱਕ ਜਾਣਬੁੱਝ ਕੇ ਲਟਕਾਏ ਜਾਂਦੇ ਰਹੇ ਹਨ | ਇਨ੍ਹਾਂ ਆਗੂਆਂ ਨੇ ਕਿਹਾ ਕਿ ਕਿਸੇ ਵੇਲੇ ਰਣਜੀਤਗੜ੍ਹ ਦੇ ਨਾਂਅ 'ਤੇ ਪੰਜਾਬ ਨੂੰ ਰਾਜਧਾਨੀ ਦੇਣ ਦਾ ਲਾਰਾ ਲਗਾਇਆ ਗਿਆ ਅਤੇ ਕਦੇ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਪੰਜਾਬ ਦਾ ਮਸਲਾ ਹੱਲ ਕਰਨ ਦਾ ਲਾਰਾ ਹੀ ਸਾਬਤ ਹੋਇਆ ਹੈ | ਅੱਤਵਾਦ ਵੇਲੇ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਲਾਰਾ ਲਗਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਨੇ ਹੁਣ ਤੱਕ ਵੋਟਾਂ ਲਈ ਇਸ ਦੀ ਰਾਜਨੀਤੀ ਕੀਤੀ ਹੈ | ਉਨ੍ਹਾਂ 26 ਫਰਵਰੀ ਨੂੰ ਹੋਣ ਵਾਲੀ ਰੈਲੀ ਲਈ ਵੱਡੇ ਪੱਧਰ ਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਅਪੀਲ ਕੀਤੀ |