ਚੋਹਲਾ ਸਾਹਿਬ, 24 ਫਰਵਰੀ (ਬਲਵਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪਿ੍ੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬੀ ਮਾਂ ਬੋਲੀ ਨੂੰ ੂੰ ਸਮਰਪਿਤ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਜਿਸ ਵਿਚ ਉੱਘੀ ਕਵਿਤਰੀ ਡਾ. ਕਵਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਜਤਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਬੁੱਕੇ ਦੇ ਕੇ ਅਤੇ ਸ਼ਬਦੀ ਜੀ ਆਇਆ ਆਖਦਿਆਂ ਹੋਇਆਂ ਡਾ. ਕਵਲਜੀਤ ਕੌਰ ਦੀ ਸ਼ਖਸ਼ੀਅਤ ਬਾਰੇ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਾਈ | ਪੰਜਾਬੀ ਮਾਂ ਬੋਲੀ ਦੀ ਸਾਡੇ ਜੀਵਨ ਵਿਚ ਅਹਿਮੀਅਤ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ.ਅਮਨਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ | ਕਾਲਜ ਦੀਆਂ ਵਿਦਿਆਰਥਣਾਂ ਸਿਮਰਜੀਤ ਕੌਰ, ਨਵਪ੍ਰੀਤ ਕੌਰ ਅਤੇ ਮਨਜਿੰਦਰ ਕੌਰ ਨੇ ਆਪਣੇ ਕਵਿਤਾ ਤੇ ਭਾਸ਼ਣ ਰਾਹੀਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ | ਕਾਲਜ ਦੇ ਪ੍ਰੋ. ਸੰਦੀਪ ਕੌਰ ਨੇ ਪੰਜਾਬੀ ਦੇ ਸ਼ੁੱਧ ਸ਼ਬਦਾਂ ਦਾ ਕਵਿਤਾ ਦੇ ਰਾਹੀਂ ਬਿਆਨ ਕਰਦੇ ਹੋਏ ਆਪਣੇ ਵਿਰਸੇ ਦੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਮੁੱਖ ਮਹਿਮਾਨ ਡਾ: ਕਵਲਜੀਤ ਕੌਰ ਨੇ ਦੱਸਿਆ ਕਿ ਕਿਵੇਂ ਪੰਜਾਬੀ ਮਾਂ ਬੋਲੀ ਸਦਕਾ ਉਨ੍ਹਾਂ ਆਪਣੇ ਜੀਵਨ ਵਿੱਚ ਤਰੱਕੀ ਕੀਤੀ | ਉਨ੍ਹਾਂ ਨੇ ਆਪਣੇ ਨਿੱਜੀ ਜੀਵਨ ਦੀਆਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ | ਉਨਵਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਇੱਕ ਸਫਲ ਕਵਿਤਰੀ ਬਣਨ ਤੱਕ ਦਾ ਸਫਰ ਕਿਵੇਂ ਤੈਅ ਕੀਤਾ, ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ, ਜਦ ਅਸੀਂ ਕਿਸੇ ਮੁਕਾਮ ਨੂੰ ਹਾਸਿਲ ਕਰਨਾ ਹੁੰਦਾ ਤਾਂ ਬਹੁਤ ਸਾਰੀਆਂ ਔਕੜਾਂ ਸਾਡੇ ਜੀਵਨ ਵਿਚ ਆਉਂਦੀਆਂ ਹਨ ਪਰ ਸਾਨੂੰ ਕਿਵੇਂ ਦਿ੍ੜਤਾ ਤੇ ਵਿਸ਼ਵਾਸ ਨਾਲ ਆਪਣੀ ਮੰਜਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ, ਤਾਂ ਕਿ ਇਕ ਦਿਨ ਨਿਸ਼ਚੇ ਹੀ ਸਾਡੀ ਆਪਣੀ ਵੱਖਰੀ ਪਹਿਚਾਣ ਬਣ ਸਕੇ | ਉਨ੍ਹਾਂ ਦੱਸਿਆ ਕਿਵੇਂ ਮਾਂ ਬੋਲੀ ਦੇ ਸਦਕਾ ਹੀ ਅੱਜ ਉਨ੍ਹਾਂ ਦੀ ਵਿਸ਼ਵ ਪੱਧਰੀ ਪਹਿਚਾਣ ਬਣੀ ਹੈ | ਉਨ੍ਹਾਂ ਨੇ ਆਪਣੀ ਪੁਸਤਕ ਲਫਜ਼ਾਂ ਦੀ ਲੋਅ ਵਿਚੋਂ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਨੂੰ ਗਾਇਨ ਸ਼ੈਲੀ ਵਿਚ ਗਾ ਕੇ ਸੁਣਾਇਆ ਤਾਂ ਸਭ ਵਿਦਿਆਰਥੀ ਅਤੇ ਸਰੋਤੇ ਮੰਤਰ ਮੁਗਧ ਹੋ ਗਏ | ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀ ਮਾਂ ਬੋਲੀ ਨੂੰ ਅਸੀਂ ਕਿੱਤੇ ਦੇ ਤੌਰ 'ਤੇ ਵੀ ਆਪਣਾ ਸਕਦੇ ਹਾਂ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾਕਟਰ ਹਰਮਨਦੀਪ ਸਿੰਘ ਜੀ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਉਹਨਾਂ ਦੀਆਂ ਦਿੱਤੀਆਂ ਹੋਈਆਂ ਉਦਾਹਰਨਾਂ ਨੂੰ ਵਿਦਿਆਰਥੀਆ ਨੂੰ ਜੀਵਨ ਵਿੱਚ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ | ਜਿਨ੍ਹਾਂ ਵਿਦਿਆਰਥੀਆਂ ਦੁਆਰਾ ਇਸ ਮੌਕੇ 'ਤੇ ਆਪਣੇ ਹੱਥੀ ਕਲਾ ਕਿਰਤੀਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਸੀ ਉਹਨਾਂ ਦੀ ਵਿਸ਼ੇਸ਼ ਸਹਾਰਨਾ ਕੀਤੀ ਗਈ ਤਾਂ ਕਿ ਵਿਦਿਆਰਥੀ ਹੋਰ ਉਤਸਾਹਿਤ ਹੋ ਕੇ ਮਾਂ ਬੋਲੀ ਨਾਲ ਜੁੜ ਸਕਣ | ਅਖੀਰ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਆਪਣੇ ਖੂਬਸੂਰਤ ਸ਼ਬਦਾਂ ਨੂੰ ਕਵਿਤਾ ਦਾ ਜਾਮਾ ਪਹਿਨਾ ਕੇ ਸਭ ਦਾ ਧੰਨਵਾਦ ਕਰਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ | ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ |